ਪੰਜਾਬ ‘ਚ ਕਿਸਾਨ ਤੇ ਵਪਾਰੀ ਹੋਏ ਆਹਮੋ-ਸਾਹਮਣੇ, ਚੱਲੀਆਂ ਡਾਂਗਾਂ

ਚੰਡੀਗੜ੍ਹ ਪੰਜਾਬ


ਬਰਨਾਲਾ, 14 ਮਈ,ਬੋਲੇ ਪੰਜਾਬ ਬਿਓਰੋ:

ਕੁਝ ਦਿਨ ਪਹਿਲਾਂ ਵਿਦੇਸ਼ ਭੇਜਣ ਲਈ ਬਰਨਾਲਾ ਸ਼ਹਿਰ ਦੇ ਇੱਕ ਇਮੀਗੇ੍ਰਸ਼ਨ ਸੈਂਟਰ ਵਾਲੇ ਵੱਲੋਂ ਕਥਿਤ ਤੌਰ ’ਤੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤੋਂ ਸ਼ੁਰੂ ਹੋਇਆ ਝਗੜਾ ਸੋਮਵਾਰ ਨੂੰ ਕਿਸਾਨ ਯੂਨੀਅਨ ਬਨਾਮ ਵਪਾਰੀਆਂ ਦੇ ਟਕਰਾਅ ’ਚ ਬਦਲ ਗਿਆ। ਜਿਓਂ ਹੀ ਤੜਕਸਾਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੂਟਾ ਸਿੰਘ ਬੁਰਜ ਗਿੱਲ) ਦੇ ਆਗੂਆਂ ਨੇ ਮੈਂਬਰਾਂ ਨੂੰ ਨਾਲ ਲੈ ਕੇ ਜੌੜੇ ਪੰਪਾਂ ਨੇੜੇ ਇਕ ਟਾਇਰ ਵਾਲਿਆਂ ਦੀ ਦੁਕਾਨ ਦੇ ਬਾਹਰ ਰੋਸ ਧਰਨਾ ਸ਼ੁਰੂ ਕੀਤਾ ਤਾਂ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਦੀ ਅਗਵਾਈ ’ਚ ਵਪਾਰੀਆਂ ਨੇ ਰੋਸ ਵਜੋਂ ਜੋੜੇ ਪੈਟਰੋਲ ਪੰਪਾਂ ਦੇ ਨੇੜੇ ਰੇਲਵੇ ਸਟੇਸ਼ਨ ਰੋਡ ’ਤੇ ਟਾਇਰ ਸੁੱਟ ਕੇ ਸੜਕ ਜਾਮ ਕਰ ਦਿੱਤੀ। ਦੇਖਦਿਆਂ ਹੀ ਦੇਖਦਿਆਂ ਦੋਵਾਂ ਧਿਰਾਂ ਦੇ ਸਮਰਥਕ ਉੱਥੇ ਇਕੱਠੇ ਹੋਣਾ ਸ਼ੁਰੂ ਹੋ ਗਏ। ਦੋਵੇਂ ਧਿਰਾਂ ਨੇ ਇਕ-ਦੂਜੇ ਖ਼ਿਲਾਫ਼ ਜੰਮਕੇ ਨਾਅਰੇਬਾਜੀ ਕੀਤੀ ਤੇ ਡਾਂਗਾਂ ਵੀ ਵਰ੍ਹੀਆਂ, ਪਰ ਸਪੈਸ਼ਨ ਸੈੱਲ ਬਰਨਾਲਾ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਨੇ ਬੜੀ ਸੂਝਬੂਝ ਨਾਲ ਸਥਿਤੀ ’ਤੇ ਕਾਬੂ ਪਾਇਆ ਤੇ ਦੋਵੇਂ ਧਿਰਾਂ ਨੂੰ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਹਰਦਾਸਪੁਰਾ ਤੇ ਬਲਾਕ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨਾਂ ਸ਼ਹਿਣਾ ਪਿੰਡ ਦੇ ਇੱਕ ਮਹਾਜ਼ਨ ਪਰਿਵਾਰ ਦੇ ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਖਿਲਾਫ ਸੰਘਰਸ਼ ਸ਼ੁਰੂ ਕੀਤਾ ਸੀ। ਉਸ ਸਮੇਂ ਪੁਲਿਸ ਪ੍ਰਸ਼ਾਸਨ ਤੇ ਵਪਾਰ ਮੰਡਲ ਦੇ ਆਗੂਆਂ ਦੀ ਹਾਜ਼ਰੀ ’ਚ ਦੋਵੇਂ ਧਿਰਾਂ ਦਰਮਿਆਨ 17 ਲੱਖ 50 ਹਜ਼ਾਰ ਰੁਪਏ ’ਚ ਸਮਝੌਤਾ ਹੋ ਗਿਆ ਸੀ। ਇਮੀਗੇ੍ਰਸ਼ਨ ਸੈਂਟਰ ਵਾਲਿਆਂ ਨੇ ਤੈਅ ਰਕਮ ਦਾ ਚੈੱਕ ਦੇ ਦਿੱਤਾ ਸੀ, ਪਰ ਇਹ ਚੈਕ ਬਾਊਂਸ ਹੋ ਗਿਆ, ਜਿਸ ਕਾਰਨ ਫਿਰ ਤੋਂ ਕਿਸਾਨ ਯੂਨੀਅਨ ਨੂੰ ਸੰਘਰਸ਼ ਦੇ ਰਾਹ ਪੈਣ ਲਈ ਮਜ਼ਬੂਰ ਹੋਣਾ ਪਿਆ। ਇਸੇ ਕੜੀ ਤਹਿਤ ਹੀ ਕਿਸਾਨ ਯੂਨੀਅਨ ਵੱਲੋਂ ਸ਼ਾਂਤਮਈ ਧਰਨਾ ਸ਼ੁਰੂ ਕੀਤਾ ਗਿਆ। ਜਿਸ ਤੋਂ ਬਾਅਦ ਵਪਾਰੀਆਂ ਨੇ ਉਲਟਾ ਟਾਇਰ ਸੜਕ ’ਤੇ ਸੁੱਟ ਕੇ ਸੜਕ ਜਾਮ ਕਰ ਦਿੱਤੀ।
ਓਧਰ ਦੂਜੇ ਪਾਸੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਨਾਣਾ ਤੇ ਵਪਾਰੀ ਆਗੂ ਸੁਭਾਸ਼ ਕੁਮਾਰ ਆਦਿ ਨੇ ਕਿਹਾ ਕਿ ਵਿਦੇਸ਼ ਭੇਜਣ ਦਾ ਮਾਮਲਾ ਇਮੀਗੇ੍ਰਸ਼ਨ ਸੈਂਟਰ ਨਾਲ ਸਬੰਧਤ ਹੈ, ਪਰ ਕਿਸਾਨ ਯੂਨੀਅਨ ਉਲਟਾ ਟਾਇਰਾਂ ਦੀ ਦੁਕਾਨ ਦੇ ਸਾਹਮਣੇ ਧਰਨਾ ਲਾ ਕੇ ਪਰਿਵਾਰ ਨੂੰ ਕਥਿਤ ਤੌਰ ’ਤੇ ਬਲੈਕਮੇਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਠੱਗੀ ਦਾ ਮਾਮਲਾ ਲੱਗਦਾ ਹੈ ਤਾਂ ਉਹ ਪੁਲਿਸ ਪ੍ਰਸ਼ਾਸਨ ਕੋਲ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਸ਼ਿਕਾਇਤ ਦੇ ਸਕਦੇ ਹਨ, ਪਰ ਇਸ ਤਰ੍ਹਾਂ ਕਿਸੇ ਵਪਾਰੀ ਤੇ ਉਸਦੇ ਵਪਾਰ ਅੱਗੇ ਧਰਨਾ ਦੇ ਕੇ ਬਹਿ ਜਾਣਾ ਜਿਸ ਦਾ ਸਬੰਧ ਇਮੀਗੇ੍ਰਸ਼ਨ ਨਾਲ ਹੈ ਹੀ ਨਹੀਂ, ਇਹ ਸ਼ਰੇਆਮ ਧੱਕੇਸ਼ਾਹੀ ਹੈ। ਜਿਸ ਨੂੰ ਵਪਾਰ ਮੰਡਲ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕਰੇਗਾ। ਵਪਾਰੀ ਆਗੂਆਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਕਿਸਾਨ ਯੂਨੀਅਨ ਦਾ ਧਰਨਾ ਚੁਕਵਾਉਣ, ਨਹੀਂ ਤਾਂ ਵਪਾਰੀਆਂ ਨੂੰ ਵੀ ਰੋਸ ਪ੍ਰਦਰਸ਼ਨ ਕਰਨ ਲਈ ਅਣਮਿੱਥੇ ਸਮੇਂ ਲਈ ਬਾਜ਼ਾਰ ਬੰਦ ਕਰਨ ਦਾ ਸੱਦਾ ਦੇਣਾ ਪਵੇਗਾ।

Leave a Reply

Your email address will not be published. Required fields are marked *