ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਵੱਲੋਂ ਸਿਰਮੌਰ ਕਵੀ ਸੁਰਜੀਤ ਪਾਤਰ ਨੂੰ ਦਿੱਤੀ ਗਈ ਭਾਵਪੂਰਤ-ਸ਼ਰਧਾਂਜਲੀ

ਸੰਸਾਰ ਸਾਹਿਤ ਚੰਡੀਗੜ੍ਹ ਪੰਜਾਬ



ਟੋਰਾਂਟੋ, ਕੈਨੇਡਾ 14 ਮਈ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੀ ਕਾਰਜਕਾਰੀ ਕਮੇਟੀ ਦੀ ਹੋਈ ਹੰਗਾਮੀ ਮੀਟਿੰਗ ਵਿੱਚ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਦੇ ਬੇਵਕਤ ਹੋਏ ਅਕਾਲ-ਚਲਾਣੇ ‘ਤੇ ਮੈਂਬਰਾਂ ਵੱਲੋਂ ਡੂੰਘੇ ਦੁੱਖ ਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ। ਮੀਟਿੰਗ ਦੌਰਾਨ ਮੈਂਬਰਾਂ ਦਾ ਸਮੂਹਿਕ ਵਿਚਾਰ ਸੀ ਕਿ ਸੁਰਜੀਤ ਪਾਤਰ ਜੀ 79 ਸਾਲ ਦੀ ਆਪਣੀ ਇਸ ਉਮਰ ‘ਚ ਸਿਰਮੌਰ ਕਵੀ ਵਜੋਂ ਪੂਰੇ ਕਾਰਜਸ਼ੀਲ ਸਨ ਅਤੇ ਇਸ ਦੇ ਨਾਲ ਹੀ ਪੰਜਾਬ ਕਲਾ ਪ੍ਰੀਸ਼ਦ ਦੇ ਪ੍ਰਧਾਨ ਵਜੋਂ ਆਪਣੀ ਜ਼ਿੰਮੇਂਵਾਰੀ ਬਾਖ਼ੂਬੀ ਨਿਭਾਅ ਰਹੇ ਸਨ। ਉਨ੍ਹਾਂ ਨੇ ਆਪਣੀਆਂ ਕਵਿਤਾਵਾਂ, ਗਜ਼ਲਾਂ, ਸਾਹਿਤਕ ਤੇ ਫ਼ਿਲਮੀ ਸੰਵਾਦਾਂ ਰਾਹੀ ਪੰਜਾਬੀ ਮਾਂ-ਬੋਲੀ ਨੂੰ ਬੜਾ ਅਮੀਰ ਕੀਤਾ।
ਉਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਕਈ ਸਾਲ ਪ੍ਰਧਾਨ ਰਹੇ। ਉਨ੍ਹਾਂ ਦੇ ਸਾਹਿਤਕ ਯੋਗਦਾਨ ਨੂੰ ਮੁੱਖ ਰੱਖਦਿਆਂ ਹੋਇਆਂ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਦੇਸ਼ ਦੇ ਸਰਵੋਤਮ ਇਨਾਮ ‘ਪਦਮਸ਼੍ਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਹਿਸਟਰੀ, ਲੈਂਗੂਏਜ, ਲਿਟਰੇਚਰ ਤੇ ਕਲਚਰ ਡਿਪਾਰਟਮੈਂਟ ਵਿਚ ਲੰਮਾਂ ਸਮਾਂ ਸੇਵਾ ਕਰਨ ਪਿੱਛੋਂ 2005 ਵਿਚ ਸੇਵਾ-ਮੁਕਤ ਹੋਏ।ਇਸ ਦੌਰਾਨ ਆਈਆਂ ਉਨ੍ਹਾਂ ਦੀਆਂ ਪੁਸਤਕਾਂ ‘ਹਵਾ ‘ਚ ਲਿਖੇ ਹਰਫ਼’, ‘ਬਿਰਖ਼ ਅਰਜ਼ ਕਰੇ’, ‘ਹਨੇਰੇ ਵਿਚ ਸੁਲਘਦੀ ਵਰਣਮਾਲਾ’, ‘ਲਫ਼ਜਾਂ ਦੀ ਦਰਗਾਹ’, ਪੱਤਝੜ ਦੀ ਪਾਜ਼ੇਬ’ ਅਤੇ ‘ਸੁਰਜ਼ਮੀਨ’ ਵਿਚਲੀਆਂ ਉਨ੍ਹਾਂ ਦੀਆਂ ਕਵਿਤਾਵਾਂ ਮਨੁੱਖਤਾ ਨੂੰ ਦੂਰਦਰਸ਼ਤਾ, ਚੜ੍ਹਦੀ ਕਲਾ ਅਤੇ ਜੀਵਨ ਵਿਚ ਅੱਗੇ ਵੱਧਣ ਦਾ ਸੰਦੇਸ਼ ਦਿੰਦੀਆਂ ਹਨ। ਆਪਣੀ ਹਰਮਨ-ਪਿਆਰੀ ਗ਼ਜ਼ਲ ਦੇ ਇੱਕ ਸ਼ਿਅਰ ‘ਚ ਉਹ ਕਹਿੰਦੇ ਹਨ                                
  “ਜੇ ਆਈ ਪੱਤਝੜ ਤਾਂ ਫਿਰ ਕੀ ਏ, ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ, ਮੈਂ ਲੱਭ ਕੇ ਕਿਤਿਉਂ ਲਿਆਉਨਾਂ ਕਲਮਾਂ,
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ।“
ਉਹ ਨਵੀਆਂ ਰਾਹਾਂ ਤੇ ਪੈੜਾਂ ਦੇ ਪਾਂਧੀ ਸਨ ਅਤੇ ਉਨ੍ਹਾਂ ਪੰਜਾਬੀ ਕਵਿਤਾ ਵਿਚ ਨਵੇਂ ਬਿੰਬਾਂ ਤੇ ਪ੍ਰਤੀਕਾਂ ਰਾਹੀਂ ਆਪਣੀ ਨਵੀਂ ਛਾਪ ਛੱਡੀ। ਉਨ੍ਹਾਂ ਦੀ ਮਕਬੂਲ ਗ਼ਜ਼ਲ ਦਾ ਇੱਕ ਸ਼ਿਅਰ ਹੈ:
   “ਮੈਂ ਰਾਹਾ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁਗਾਂ ਤੋਂ ਕਾਫ਼ਲੇ ਆਉਂਦੇ,
ਮੇਰੇ ਸੱਚ ਦਾ ਗਵਾਹ ਬਣਦੇ।“
ਸਭਾ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਮੈਂਬਰਾਂ ਵੱਲੋਂ ਉਸ ਮਾਲਕ ਪ੍ਰਮਾਤਮਾ ਨੂੰ ਉਨ੍ਹਾਂ ਦੀ ਵਿੱਛਵੀ ਰੂਹ ਨੂੰ ਸ਼ਾਤੀ ਪ੍ਰਦਾਨ ਕਰਨ ਅਤੇ ਪਰਿਵਾਰ ਦੇ ਮੈਂਬਰਾਂ, ਸਾਕ-ਸਬੰਧੀਆਂ ਅਤੇ ਦੋਸਤਾਂ-ਮਿੱਤਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਬੇਨਤੀ ਕੀਤੀ ਗਈ। ਇਸ ਸ਼ੋਕ-ਸਭਾ ਵਿੱਚ ਬਲਰਾਜ ਚੀਮਾ, ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਤਲਵਿੰਦਰ ਸਿੰਘ ਮੰਡ, ਡਾ. ਸੁਖਦੇਵ ਸਿੰਘ ਝੰਡ, ਡਾ. ਜਗਮੋਹਨ ਸਿੰਘ ਸੰਘਾ, ਇਕਬਾਲ ਬਰਾੜ, ਮਕਸੂਦ ਚੌਧਰੀ, ਜੱਸੀ ਭੁੱਲਰ, ਰਮਿੰਦਰ ਵਾਲੀਆ, ਡਾ. ਸੁਰਿੰਦਰਜੀਤ ਕੌਰ ਤੇ ਸੁਖਚਰਨਜੀਤ ਕੌਰ ਸ਼ਾਮਲ ਸਨ।

Leave a Reply

Your email address will not be published. Required fields are marked *