ਨਵੀਂ ਦਿੱਲੀ, 13 ਮਈ,ਬੋਲੇ ਪੰਜਾਬ ਬਿਓਰੋ:
ਦੇਸ਼ ਵਿਚ ਅੱਜ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਵੋਟਾਂ ਪੈ ਰਹੀਆਂ ਹਨ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਮੇਤ 9 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਲੋਕ ਸਭਾ ਸੀਟਾਂ ‘ਤੇ ਅੱਜ 13 ਮਈ ਨੂੰ ਚੌਥੇ ਪੜਾਅ ਲਈ ਵੋਟਾਂ ਪੈ ਰਹੀਆਂ ਹਨ। ਆਂਧਰਾ ਪ੍ਰਦੇਸ਼ ਵਿਚ 25 ਲੋਕ ਸਭਾ ਸੀਟਾਂ ਅਤੇ 175 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋ ਰਹੀਆਂ ਹਨ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਉੱਥੇ ਹੀ ਕਈ ਵੱਡੇ ਨੇਤਾ ਇਸ ਚੋਣਾਵੀ ਮੈਦਾਨ ਵਿਚ ਹਨ। ਸਮਾਜਵਾਦੀ ਪਾਰਟੀ ਦੇ ਮੁਖੀਆ ਅਖਿਲੇਸ਼ ਯਾਦਵ, ਭਾਜਪਾ ਉਮੀਦਵਾਰ ਗਿਰੀਰਾਜ ਸਿੰਘ ਸਮੇਤ ਕਈ ਦਿੱਗਜ ਚੋਣ ਮੈਦਾਨ ਵਿਚ ਹਨ। ਦੱਸ ਦੇਈਏ ਕਿ 7 ਪੜਾਵਾਂ ਵਿਚ 543 ਸੀਟਾਂ ਲਈ ਵੋਟਿੰਗ ਕਰਵਾਈ ਜਾਣੀ ਹੈ। ਚੋਣ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।
ਤੇਲੰਗਾਨਾ ਤੋਂ 17, ਆਂਧਰਾ ਪ੍ਰਦੇਸ਼ ਤੋਂ 25, ਉੱਤਰ ਪ੍ਰਦੇਸ਼ ਤੋਂ 13, ਬਿਹਾਰ ਤੋਂ 5, ਝਾਰਖੰਡ ਤੋਂ 4, ਮੱਧ ਪ੍ਰਦੇਸ਼ ਤੋਂ 8, ਮਹਾਰਾਸ਼ਟਰ ਤੋਂ 11, ਓਡੀਸ਼ਾ ਤੋਂ 4, ਪੱਛਮੀ ਬੰਗਾਲ ਤੋਂ 8 ਅਤੇ ਜੰਮੂ-ਕਸ਼ਮੀਰ (ਸ੍ਰੀਨਗਰ) ਤੋਂ ਇਕ ਲੋਕ ਸਭਾ ਸੀਟ ‘ਤੇ ਵੋਟਿੰਗ ਹੋਵੇਗੀ। ਭਾਜਪਾ ਦੀ ਅਗਵਾਈ ਵਾਲੀ NDA ਕੋਲ ਇਸ ਵੇਲੇ ਇਨ੍ਹਾਂ 96 ਲੋਕ ਸਭਾ ਸੀਟਾਂ ਵਿਚੋਂ 40 ਤੋਂ ਵੱਧ ਸੰਸਦ ਮੈਂਬਰ ਹਨ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੀਆਂ 175 ਵਿਧਾਨ ਸਭਾ ਸੀਟਾਂ ‘ਤੇ ਵੀ ਵੋਟਿੰਗ ਹੋਵੇਗੀ। ਸੂਬੇ ਵਿਚ YSRC, ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗਠਜੋੜ ਅਤੇ NDA ਦਰਮਿਆਨ ਤਿਕੋਣਾ ਮੁਕਾਬਲਾ ਹੈ। ਸੂਬੇ ‘ਚ NDA ਵਿਚ ਭਾਜਪਾ, ਚੰਦਰਬਾਬੂ ਨਾਇਡੂ ਦੀ ਟੀ. ਡੀ.ਪੀ ਅਤੇ ਪਵਨ ਕਲਿਆਣ ਦੀ ਜਨਸੇਨਾ ਪਾਰਟੀ ਸ਼ਾਮਲ ਹੈ।