ਜਲਾਵਤਨੀ ਆਗੂ ਭਾਈ ਖਨਿਆਣ ਜੀ ਦੇ ਮਾਤਾ ਸਤਵੰਤ ਕੌਰ ਜੀ ਦੀ ਅੰਤਮ ਅਰਦਾਸ ਮੌਕੇ ਪੰਥਕ ਸਖ਼ਸੀਅਤਾਂ ਨੇ ਭਰੀ ਹਾਜਰੀ

ਚੰਡੀਗੜ੍ਹ ਪੰਜਾਬ

ਸਰਬੱਤ ਦਾ ਭਲਾ ਚਾਹੁਣ ਵਾਲੇ ਕਿਰਦਾਰ ਮਹਾਨ ਮਾਵਾਂ ਦੀ ਦੇਣ-ਭਾਈ ਦਲਜੀਤ ਸਿੰਘ

ਖਨਿਆਣ, 12 ਮਈ ,ਬੋਲੇ ਪੰਜਾਬ ਬਿਓਰੋ :ਜਲਾਵਤਨੀ ਤੇ ਸਿੱਖ ਫੈਡਰੇਸ਼ਨ ਜਰਮਨ ਦੇ ਆਗੂ ਭਾਈ ਗੁਰਮੀਤ ਸਿੰਘ ਖਨਿਆਣ ਦੇ ਮਾਤਾ ਸਰਦਾਰਨੀ ਸਤਵੰਤ ਕੌਰ ਜੀ ਦੀ ਅੰਤਮ ਅਰਦਾਸ ਮੌਕੇ ਵੱਡੀ ਗਿਣਤੀ ’ਚ ਸਿੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆ ਮਾਤਾ ਜੀ ਤੇ ਖਨਿਆਣ ਪਰਿਵਾਰ ਦੀ ਸਿੱਖ ਕੌਮ ਲਈ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ। ਸੰਗਤ ਨੂੰ ਸਨਮੁੱਖ ਹੁੰਦਿਆ ਜੁਝਾਰੂ ਜਰਨੈਲ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸਭ ਲਈ ਨਿਆ ਖਾਤਰ ਜੂਝਣ ਵਾਲੇ, ਸਰਬੱਤ ਦਾ ਭਲਾ ਚਾਹੁਣ ਵਾਲੇ ਕਿਰਦਾਰ ਮਹਾਨ ਮਾਵਾਂ ਦੀ ਦੇਣ ਹੁੰਦੇ ਹਨ, ਮਾਤਾ ਸਤਵੰਤ ਕੌਰ ਵਰਗੀਆਂ ਮਹਾਨ ਮਾਵਾਂ ਤੋਂ ਹੀ ਸਾਨੂੰ ਪੰਥ ਦੀ ਸੇਵਾ, ਸਿਦਕ ਦੀ ਪ੍ਰੇਰਣਾ ਮਿਲਦੀ ਹੈ, ਇਹੋ ਜਿਹੀਆਂ ਮਾਵਾਂ ਕੌਮ ਦਾ ਅਸਲੀ ਖ਼ਜਾਨਾ ਹੁੰਦੀਆਂ ਹਨ। ਉਹਨਾਂ ਇਸ ਪਿੰਡ ਤੇ ਖਨਿਆਣ ਪਰਿਵਾਰ ਦੀਆਂ ਪੀੜ੍ਹੀ ਦਰ ਪੀੜ੍ਹੀ ਕੌਮ ਲਈ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆ ਕਿਹਾ ਕਿ ਇਹ ਪਿੰਡ ਯੋਧਿਆਂ ਦੀ ਖਾਣ ਹੈ ਤੇ ਇਹ ਪਰਿਵਾਰ ਅਸਲੀ ਅਕਾਲੀ, ਪੰਥਕ, ਗੁਰੂ ਦੇ ਭਾਣੇ ’ਚ ਰਹਿਣ ਵਾਲਾ, ਸਿੱਧਾ ਸਾਦਾ, ਸਰਬੱਤ ਦਾ ਭਲਾ ਚਾਹੁਣ ਵਾਲਾ ਪਰਿਵਾਰ ਹੈ। ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ’ਚ ਜੋ ਮਹਾਨ ਕਿਰਦਾਰ/ਪਾਤਰ ਪੈਦਾ ਹੋਏ ਨੇ, ਉਹਨਾਂ ’ਚ ਇਹ ਪਰਿਵਾਰ ਹੈ, ਜਿਨ੍ਹਾਂ ਦੇ ਹਿੱਸੇ ਪੀੜ੍ਹੀ ਦਰ ਪੀੜ੍ਹੀ ਗੁਰੂ ਦੇ ਭੈਅ ’ਚ ਰਹਿ ਕੇ ਨਿਸਕਾਮ ਸੇਵਾ ਕਰਨੀ ਆਇਆ ਤੇ ਇਹੀ ਸਾਡੇ ਜੁਝਾਰੂਆਂ ਦੀ ਅਮਾਨਤ ਤੇ ਸਿੱਖ ਕੌਮ ਦਾ ਇਤਿਹਾਸਕ ਖਜਾਨਾ ਹੈ।

ਸਿੱਖ ਨਸਲਕੁਸ਼ੀ ਦਾ ਬਦਲਾ ਲੈਣ ਲਈ ਰਾਜੀਵ ਗਾਂਧੀ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਭਾਈ ਕਰਮਜੀਤ ਸਿੰਘ ਸੁਨਾਮ ਨੇ ਮਾਤਾ ਸਤਵੰਤ ਕੌਰ ਨੂੰ ਸਰਧਾਂ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਅਜਿਹੀਆਂ ਸਿਦਕੀ ਤੇ ਮਹਾਨ ਮਾਵਾਂ ਇਕੱਲੇ ਆਪਣੇ ਪੁੱਤਾਂ ਦੀਆਂ ਮਾਵਾਂ ਹੀ ਨਹੀਂ ਹੁੰਦੀਆਂ, ਉਹ ਪੂਰੇ ਪੰਥ ਦੀਆਂ ਮਾਵਾਂ ਹੁੰਦੀਆਂ ਹਨ, ਉਹਨਾਂ ਹੋਰਨਾਂ ਸ਼ਹੀਦ ਸਿੰਘਾਂ ਦੀਆਂ ਮਾਵਾਂ ਨਾਲ ਬਿਤਾਏ ਪਲ ਸਾਂਝੇ ਕਰਦਿਆ ਕਿਹਾ ਕਿ ਪੰਥਕ ਮਾਵਾਂ ਦੀ ਬੁੱਕਲ ਦੀ ਲੋਈ ਬਹੁਤ ਭਾਰੀ ਹੁੰਦੀ ਹੈ, ਜੋ ਮਮਤਾ ਦੇ ਮੋਂਹ ਤੋਂ ਡੋਲਣ ਨਹੀਂ ਦਿੰਦੀ। ਉਹਨਾਂ ਕਿਹਾ ਕਿ ਭਾਈ ਖਨਿਆਣ ਜੀ ਪੈਂਤੀ ਸਾਲਾਂ ਤੋਂ ਜਲਾਵਤਨੀ ਕਟ ਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਹੋਇਆ ਹੈ, ਉਹ ਅਜਿਹੀਆਂ ਮਹਾਨ ਮਾਵਾਂ ਦੀਆਂ ਸਿੱਖਿਆਵਾਂ ਕਰਕੇ ਹੀ ਹੈ।

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਮਾਤਾ ਸਤਵੰਤ ਕੌਰ ਵਰਗੀਆਂ ਮਾਵਾਂ ਨੇ ਸਿਦਕ ਦੀ ਪਹਿਰੇਦਾਰੀ ਦੀ ਗੁੜਤੀ ਆਪਣੇ ਬੱਚਿਆਂ ਨੂੰ ਦਿੱਤੀ ਹੁੰਦੀ ਹੈ, ਉਹ ਬੰਦ ਬੰਦ ਕਟਵਾ ਗਏ ਪਰ ਸਿਦਕ ਤੋਂ ਨਹੀਂ ਹਾਰਦੇ, ਉਹਨਾਂ ’ਚ ਜਲਾਵਤਨੀ ਭਾਈ ਗੁਰਮੀਤ ਸਿੰਘ ਖਨਿਆਣ ਵੀ ਆਉਦੇ ਹਨ।

     ਸ੍ਰੋ.ਗੁ.ਪ੍ਰ. ਕਮੇਟੀ ਦੇ ਸਾਬਕਾ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਤੇ ਭਾਈ ਪਰਮਜੀਤ ਸਿੰਘ ਖਨਿਆਣ ਚੇਅਰਮੈਨ ਨੇ ਪਿੰਡ ਦੇ ਸ਼ਹੀਦਾਂ ਦੇ ਇਤਿਹਾਸ ਦੇ ਸੰਦਰਭ ’ਚ ਗੱਲ ਕਰਦਿਆ ਖਨਿਆਣ ਪਰਿਵਾਰ ਵੱਲੋਂ ਗੁਰੂ ਦੇ ਭਾਣੇ ’ਚ ਰਹਿ ਕੇ ਝੱਲੇ ਅੱਤਿਆਚਾਰ ਤੇ ਚੜ੍ਹਦੀ ਕਲਾਂ ’ਚ ਰਹਿਣ ਦੇ ਸੁਭਾਅ ਬਾਰੇ ਦੱਸਿਆ। 

ਪਿੰਡ, ਆਸ ਪਾਸ ਦੇ ਇਲਾਕੇ ਤੇ ਪੰਜਾਬ ਭਰ ਤੋਂ ਪੁੱਜੀਆਂ ਸਖ਼ਸੀਅਤਾਂ ਦਾ ਧੰਨਵਾਦ ਕਰਦਿਆ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਇਹ ਦੱਸਣਾ ਜਰੂਰੀ ਹੈ ਕਿ ਦਹਾਕਿਆਂ ਦੀਆਂ ਲੰਮੀਆਂ ਸਜਾਵਾਂ ਤੇ ਲੰਮੀਆਂ ਜਲਾਵਤਨੀਆਂ ਕੱਟਣ ਦਾ ਕਾਰਣ ਦੇਸ ਪੰਜਾਬ ਨੂੰ ਭਾਰਤ ਦੇ ਜ਼ੁਲਮ ਰਾਜ ਤੋਂ ਆਜ਼ਾਦ ਕਰਵਾਉਣਾ ਹੈ। ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਭਾਈ ਖਨਿਆਣ ਤੇ ਪਰਿਵਾਰ ਨਾਲ ਬਤੀਤ ਹੋਏ ਸਮੇਂ ਨੂੰ ਤਾਜਾ ਕੀਤਾ।

   ਇਸ ਮੌਕੇ ਵਿਦੇਸ਼ਾਂ ਤੋਂ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ.ਕੇ., ਸਿੱਖ ਯੂਥ ਅਮਰੀਕਾ ਫੈਡਰੇਸ਼ਨ ਅਸਟਰੇਲੀਆ, ਸਿੱਖ ਫੈਡਰੇਸ਼ਨ ਜਰਮਨੀ, ਬੱਬਰ ਖਾਲਸਾ ਜਰਮਨੀ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ, ਸਿੱਖ ਫੈਡਰੇਸ਼ਨ ਫਰਾਂਸ, ਇੰਟਰਨੈਸਨਲ ਸਿੱਖ ਕੌਂਸਲ ਫਰਾਂਸ, ਸਿੱਖ ਫੈਡਰੇਸ਼ਨ ਬੈਲਜੀਅਮ, ਸਿੱਖ ਕੌਂਸਲ ਬੈਲਜੀਅਮ, ਸਿੱਖ ਹੈਲਪਿੰਗ ਹੈਂਡ ਜਰਮਨੀ, ਫਰਾਂਸ, ਸਿੱਖ ਯੂਥ ਸਵਿਟਯਰਲੈਡ, ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਪਰਿਵਾਰ ਤੇ ਸ਼ਹੀਦ ਭਾਈ ਗੁਰਬਚਨ ਸਿੰਘ ਮਾਨੋਚਾਹਲ ਦੇ ਪਰਿਵਾਰ ਨੇ ਭੇਜੇ ਸੋਕ ਸੁਨੇਹਿਆਂ ’ਚ ਕਿਹਾ ਕਿ ਖਨਿਆਣ ਪਰਿਵਾਰ ਪੰਥਕ ਸੇਵਾਵਾਂ ਨਿਭਾਉਣ ਅਤੇ ਸਰਕਾਰੀ ਤਸ਼ੱਦਦ ਅੱਗੇ ਨਾ ਝੁਕਣਾ ਇਕ  ਮਿਸਾਲ ਹੈ। 

ਜਲਾਵਤਨੀ ਆਗੂ ਭਾਈ ਗੁਰਮੀਤ ਸਿੰਘ ਖਨਿਆਣ ਨੇ ਆਪਣੇ ਭੇਜੇ ਸੁਨੇਹੇ ’ਚ ਤੇ ਉਹਨਾਂ ਦੇ ਭਰਾ ਅਮਰੀਕ ਸਿੰਘ ਫੋਰਮੈਨ ਨੇ ਇਸ ਦੁੱਖ ਦੀ ਘੜੀ ’ਚ ਸਰੀਕ ਹੋਣ ਵਾਲੀ ਸੰਗਤ ਤੇ ਸਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੰਮੀ ਸਜਾ ਭੁਗਤਣ ਵਾਲੇ ਭਾਈ ਹਰਨੇਕ ਸਿੰਘ ਭੱਪ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਿਆ ਸਿੰਘ ਲਹੌਰੀਆ, ਉਘੇ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ, ਭਾਈ ਅਮਰਜੀਤ ਸਿੰਘ ਬਡਗੁਜਰਾ, ਬੀਬੀ ਅੰਮ੍ਰਿਤ ਕੌਰ, ਬੀਬੀ ਸਰਤਾਜ ਕੌਰ, ਪਰਮਜੀਤ ਸਿੰਘ ਗਾਜੀ, ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਅਮਰੀਕ ਸਿੰਘ ਈਸੜੂ, ਬੇਅੰਤ ਕਤਲ ਕਾਂਡ ਕੇਸ ਦੇ ਚਾਚਾ ਗੁਰਮੀਤ ਸਿੰਘ ਮਾਜਰੀ ਦੇ ਭਰਾ ਜਰਨੈਲ ਸਿੰਘ, ਸ਼ਹੀਦ ਭਾਈ ਸ਼ੇਰ ਸਿੰਘ ਪੰਡੋਰੀ ਦੇ ਭਰਾ ਭਾਈ ਗੁਰਸ਼ਰਨ ਸਿੰਘ, ਰਾਮ ਸਿੰਘ ਢਿਪਾਲੀ, ਮਨਜਿੰਦਰ ਸਿੰਘ ਈ.ਸੀ., ਸੁਖਵਿੰਦਰ ਸਿੰਘ ਗਰੇਵਾਲ, ਮੋਹਨ ਸਿੰਘ ਮਕਾਰੋਪੁਰ, ਜਸਪਾਲ ਸਿੰਘ ਈਸੜੂ, ਜੱਸਾ ਸਿੰਘ ਆਹਲੂਵਾਲੀਆ, ਗਗਨਦੀਪ ਸਿੰਘ ਭੁੱਲਰ, ਨਿਰਮਲ ਸਿੰਘ ਢਿੱਲੋਂ ਡੱਲੇਵਾਲ, ਜਗਮੋਹਣ ਸਿੰਘ ਬੱਸੀ ਪਠਾਣਾ ਸਮੇਤ ਅਨੇਕਾਂ ਪੰਥਕ ਸਖ਼ਸੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *