ਜਕਾਰਤਾ, 13 ਮਈ,ਬੋਲੇ ਪੰਜਾਬ ਬਿਓਰੋ:
ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ’ਤੇ ਭਾਰੀ ਮੀਂਹ ਅਤੇ ਜਵਾਲਾਮੁਖੀ ਦੀਆਂ ਢਲਾਣਾਂ ਤੋਂ ਵਹਿਣ ਵਾਲੇ ਲਾਵੇ ਤੇ ਚਿੱਕੜ ਕਾਰਨ ਅਚਾਨਕ ਹੜ੍ਹ ਆ ਗਏ।ਇਨ੍ਹਾਂ ਹੜ੍ਹਾਂ ਕਾਰਨ ਘੱਟੋ-ਘੱਟ 37 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਦੇ ਲੱਗਭਗ ਲੋਕ ਲਾਪਤਾ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਪੱਛਮੀ ਸੁਮਾਤਰਾ ਦੇ ਅਗਮ ਤੇ ਤਨਹਾ ਦਾਤਾਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਮਾਊਂਟੀ ਮਾਰਾਪੀ ’ਤੇ ਵਹਿ ਰਹੇ ਲਾਵੇ ਕਾਰਨ ਬੀਤੇ ਦਿਨੀਂ ਦਰਿਆ ਦੇ ਕੰਢੇ ਟੁੱਟ ਗਏ ਅਤੇ ਪਾਣੀ ਦਾ ਵਹਾਅ ਪਹਾੜੀ ਪਿੰਡਾਂ ਨੂੰ ਚੀਰਦਾ ਹੋਇਆ ਅੱਗੇ ਵਧ ਗਿਆ।ਕੌਮੀ ਆਫਤ ਪ੍ਰਬੰਧਨ ਏਜੰਸੀ ਦੇ ਤਰਜਮਾਨ ਅਬਦੁਲ ਮੁਹਾਰੀ ਨੇ ਦੱਸਿਆ ਕਿ ਇਨ੍ਹਾਂ ਹੜ੍ਹਾਂ ਨੇ ਵਿਆਪਕ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਸੌ ਤੋਂ ਵੱਧ ਘਰ ਤੇ ਇਮਾਰਤਾਂ ਡੁੱਬ ਗਈਆਂ। ਬਚਾਅ ਟੀਮਾਂ ਨੇ ਅਗਮ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਕੇਨਡੌਂਗ ਪਿੰਡ ਵਿੱਚੋਂ 19 ਅਤੇ ਗੁਆਂਢੀ ਜ਼ਿਲ੍ਹੇ ਤਨਾਹ ਦਾਤਾਰ ਵਿੱਚੋਂ ਨੌਂ ਲਾਸ਼ਾਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਅੱਠ ਲਾਸ਼ਾਂ ਪਡਾਂਗ ਪੈਰਿਆਮਨ ਵਿੱਚ ਚਿੱਕੜ ਵਿੱਚੋਂ ਕੱਢੀਆਂ ਗਈਆਂ ਹਨ, ਜਦੋਂਕਿ ਇੱਕ ਲਾਸ਼ ਪਡਾਂਗ ਪੰਜਾਂਗ ਸ਼ਹਿਰ ਤੋਂ ਮਿਲੀ ਹੈ।20 ਦੇ ਲੱਗਭਗ ਲੋਕ ਲਾਪਤਾ ਹਨ।