ਬੱਧਨੀ ਕਲਾਂ, 12 ਮਈ,ਬੋਲੇ ਪੰਜਾਬ ਬਿਓਰੋ: ਐਤਵਾਰ ਨੂੰ ਸਵੇਰੇ ਤਕਰੀਬਨ 10 ਵਜੇ ਬਰਨਾਲਾ ਤੋਂ ਅੰਮ੍ਰਿਤਸਰ ਜਾ ਰਹੀ ਤੇਜ਼ ਰਫ਼ਤਾਰ ਬੱਸ ਨੇ ਬੱਧਨੀ ਕਲਾਂ ਦੇ ਮੁੱਖ ਬਾਜ਼ਾਰ ’ਚ ਐੱਚ. ਡੀ. ਐੱਫ਼. ਸੀ. ਬੈਂਕ ਦੇ ਨੇੜੇ ਈ-ਰਿਕਸ਼ਾ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਈ-ਰਿਕਸ਼ਾ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਈ-ਰਿਕਸ਼ਾ ਜਿਸ ਨੂੰ ਸੁਖਜਿੰਦਰ ਸਿੰਘ ਬੇਦੀ ਪੁੱਤਰ ਨਿਰੰਜਣ ਦਾਸ ਬੇਦੀ ਚਲਾ ਰਿਹਾ ਸੀ, ਨੂੰ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਬੱਸ ਜਿਸ ਨੂੰ ਡਰਾਈਵਰ ਇੰਦਰਪਾਲ ਸਿੰਘ ਚਲਾ ਰਿਹਾ ਸੀ, ਨੇ ਟੱਕਰ ਮਾਰੀ, ਇਸ ਦੌਰਾਨ ਜਿਥੇ ਈ-ਰਿਕਸ਼ਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਉਥੇ ਹੀ ਚਾਲਕ ਗੰਭੀਰ ਹਾਲਤ ’ਚ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਬੱਧਨੀ ਕਲਾਂ ਲਿਆਂਦਾ ਗਿਆ ਪਰ ਐਮਰਜੈਂਸੀ ਸੇਵਾਵਾਂ ’ਚ ਕੋਈ ਡਾਕਟਰ ਮੌਜੂਦ ਨਾ ਹੋਣ ਕਾਰਨ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੇ ਦੱਸਣ ਮੁਤਾਬਕ ਨੌਜਵਾਨ ਸੁਖਜਿੰਦਰ ਸਿੰਘ ਬੇਦੀ ਜਿਸ ਦੀ ਉਮਰ ਤਕਰੀਬਨ 40 ਕੁ ਸਾਲ ਸੀ, ਦੀ ਮੌਕੇ ਉਤੇ ਹੀ ਮੌਤ ਹੋ ਚੁੱਕੀ ਸੀ। ਹਾਦਸੇ ਵਾਲੀ ਜਗ੍ਹਾ ਉਤੇ ਇਕੱਤਰ ਹੋਏ ਲੋਕਾਂ ਦੇ ਇਕੱਠ ਨੇ ਬੱਸ ਡਰਾਈਵਰ ਨੂੰ ਕਾਬੂ ਕਰ ਲਿਆ।