ਸ਼੍ਰੋਮਣੀ ਕਮੇਟੀ ਵੱਲੋਂ ਸਰਹਿੰਦ ਫ਼ਤਹਿ ਦਿਵਸ ਮੌਕੇ ਚੱਪੜਚਿੜੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਸਜਾਇਆ ਗਿਆ ਫ਼ਤਹਿ ਮਾਰਚ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਗਤਾਂ ਨੇ ਕੀਤੀ ਭਰਵੀਂ ਸ਼ਮੂਲੀਅਤ

ਚੰਡੀਗੜ੍ਹ ਪੰਜਾਬ

ਚੱਪੜਚਿੜੀ/ਸ੍ਰੀ ਫਤਹਿਗੜ੍ਹ ਸਾਹਿਬ, 12 ਮਈ,ਬੋਲੇ ਪੰਜਾਬ ਬਿਓਰੋ:
ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਹਿ ਕਰਨ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਫਤਹਿ ਏ ਜੰਗ ਸਾਹਿਬ ਚੱਪੜਚਿੜੀ ਤੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਫ਼ਤਹਿ ਮਾਰਚ ਸਜਾਇਆ ਗਿਆ। ਆਰੰਭਤਾ ਦੀ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ। ਫ਼ਤਹਿ ਮਾਰਚ ਵਿੱਚ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ, ਬੈਂਡ ਤੇ ਗੱਤਕਾ ਪਾਰਟੀਆਂ ਨੇ ਖਾਲਸਾਈ ਜਾਹੋ-ਜਲਾਲ ਨਾਲ ਸ਼ਮੂਲੀਅਤ ਕੀਤੀ। ਆਰੰਭਤਾ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਜੇ ਧਾਰਮਿਕ ਦੀਵਾਨ ਵਿਚ ਰਾਗੀ, ਢਾਡੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨਾਲ ਜੋੜਿਆ।


ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਜੁਲਮ ਦਾ ਖਾਤਮਾ ਕਰਨ ਤੁਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਅਸਥਾਨ ’ਤੇ ਜਾਲਮ ਹਕੂਮਤ ’ਤੇ ਫ਼ਤਹਿ ਹਾਸਲ ਕੀਤੀ। ਉਨ੍ਹਾਂ ਆਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫਤਹਿ ਕਰਨ ਦਾ ਇਤਿਹਾਸ ਸਿੱਖ ਕੌਮ ਲਈ ਅਹਿਮ ਹੈ ਅਤੇ ਇਸ ਇਤਿਹਾਸ ਤੋਂ ਕੌਮ ਦੀ ਆਉਣ ਵਾਲੀ ਪੀੜ੍ਹੀ ਨੂੰ ਜ਼ਰੂਰ ਜਾਣੂ ਹੋਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੱਜ ਸਿੱਖ ਕੌਮ ਦੀਆਂ ਸੰਸਥਾਵਾਂ ਨੂੰ ਤੋੜਨ ਦੇ ਯਤਨ ਹੋ ਰਹੇ ਹਨ।  ਸਰਕਾਰਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਸਿੱਧੇ ਅਸਿੱਧੇ ਢੰਗ ਨਾਲ ਆਪਣੇ ਹੱਥ ਵਿੱਚ ਲੈਣਾ ਚਾਹੁੰਦੀਆਂ ਹਨ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਸਰਕਾਰਾਂ ਦੀਆਂ ਅਜਿਹੀਆਂ ਚਾਲਾਂ ਖਿਲਾਫ ਇਕ ਮਤ ਹੋਣ ਦੀ ਅਪੀਲ ਕੀਤੀ।


ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਮਾਣ ਹੈ ਕਿ ਸਿੱਖ ਯੋਧਿਆਂ ਨੇ ਇਸ ਧਰਤੀ ’ਤੇ ਇਤਿਹਾਸ ਸਿਰਜਿਆ। ਉਨ੍ਹਾਂ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਸਿਰੋਪਾਓ ਦੇ ਕੇ ਨਿਵਾਜਿਆ। ਰਸਤੇ ਵਿਚ ਸੰਗਤਾਂ ਵੱਲੋਂ ਫ਼ਤਹਿ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਹਰਭਜਨ ਸਿੰਘ ਮਸਾਨਾ, ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ, ਸ. ਅਜਮੇਰ ਸਿੰਘ ਖੇੜਾ, ਸ. ਚਰਨਜੀਤ ਸਿੰਘ ਕਾਲੇਵਾਲ, ਬਾਬਾ ਮੇਜਰ ਸਿੰਘ ਮੁਖੀ ਤਰਨਾ ਦਲ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਗੁਰਪ੍ਰੀਤ ਸਿੰਘ ਰੋਡੇ, ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਦੇ ਮੈਨੇਜਰ ਸ. ਗੁਰਦੀਪ ਸਿੰਘ ਕੰਗ, ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਮੈਨੇਜਰ ਸ. ਅਮਰਜੀਤ ਸਿੰਘ, ਬਾਬਾ ਬਲਦੇਵ ਸਿੰਘ ਮੁਖੀ ਤਰਨਾ ਦਲ, ਸਕੱਤਰ ਵਿੱਦਿਆ ਸ. ਸੁਖਮਿੰਦਰ ਸਿੰਘ, ਐਡਵੋਕੇਟ ਸ. ਸਿਮਰਜੀਤ ਸਿੰਘ ਚੰਦੂਮਾਜਰਾ, ਬਾਬਾ ਬਚਨ ਸਿੰਘ ਦਿੱਲੀ ਵਾਲੇ, ਸ. ਜਗਮੀਤ ਸਿੰਘ, ਪ੍ਰਚਾਰਕ ਭਾਈ ਰਾਜਪਾਲ ਸਿੰਘ, ਭਾਈ ਰਾਜਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *