ਚੰਡੀਗੜ੍ਹ, 11 ਮਈ, ਬੋਲੇ ਪੰਜਾਬ ਬਿਉਰੋ:
ਜ਼ੀਰਕਪੁਰ ਵਿੱਚ ਵੀਆਈਪੀ ਰੋਡ ’ਤੇ ਇੱਕ ਇਮਾਰਤ ਦੇ ਚੱਲ ਰਹੇ ਕੰਮ ਦੌਰਾਨ ਜੇਸੀਬੀ ਰਾਹੀਂ ਖੁਦਾਈ ਦੌਰਾਨ ਸੀਐਨਜੀ ਗੈਸ ਪਾਈਪ ਲਾਈਨ ਲੀਕ ਹੋਣ ਕਾਰਨ ਲੋਕਾਂ ‘ਚ ਹੜਕੰਪ ਮਚ ਗਿਆ। ਪਟਿਆਲਾ ਰੋਡ ‘ਤੇ ਸਥਿਤ ਐਚਐਲਪੀ ਸੋਸ਼ਲ ਸਕੁਏਅਰ ਪ੍ਰੋਜੈਕਟ ਦੇ ਬਿਲਡਰ ਵੱਲੋਂ ਬਣਾਈ ਜਾ ਰਹੀ ਚਾਰਦੀਵਾਰੀ ਦੀ ਖੁਦਾਈ ਕਰਦੇ ਸਮੇਂ ਇਹ ਹਾਦਸਾ ਵਾਪਰਿਆ ਹੈ।ਜੇਸੀਬੀ ਚਾਲਕ ਨੇ ਨੇੜਿਓਂ ਲੰਘਦੀ ਗੈਸ ਪਾਈਪ ਲਾਈਨ ਨੂੰ ਤੋੜ ਦਿੱਤਾ। ਗੈਸ ਪਾਈਪ ਲਾਈਨ ਟੁੱਟਣ ਕਾਰਨ ਆਸ-ਪਾਸ ਹਫੜਾ-ਦਫੜੀ ਮਚ ਗਈ ਅਤੇ ਲੋਕ ਭੱਜਣ ਲੱਗੇ।
ਇਸ ਮੌਕੇ ਗੈਸ ਪਾਈਪ ਲਾਈਨ ਕੰਪਨੀ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦਾ ਕੋਈ ਨੰਬਰ ਨਾ ਹੋਣ ਕਾਰਨ ਇਸ ਲੀਕੇਜ ਨੂੰ ਰੋਕਣ ਲਈ ਪੁਲਿਸ, ਪ੍ਰਸ਼ਾਸਨ ਜਾਂ ਫਾਇਰ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੂੰ ਕਰੀਬ ਇੱਕ ਘੰਟਾ ਲੱਗ ਗਿਆ। ਗੈਸ ਪਾਈਪ ਲਾਈਨ ਤੋੜਨ ਤੋਂ ਬਾਅਦ ਜੇਸੀਬੀ ਚਾਲਕ ਫਰਾਰ ਹੋ ਗਿਆ।
ਗੈਸ ਲੀਕ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਟਰੈਫਿਕ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਫਾਇਰ ਬ੍ਰਿਗੇਡ ਵਿਭਾਗ ਅਤੇ ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਸੂਚਿਤ ਕੀਤਾ। ਫਾਇਰ ਅਫਸਰ ਜਸਵੰਤ ਸਿੰਘ ਨੇ ਕਿਹਾ ਕਿ ਗੈਸ ਪਾਈਪ ਲਾਈਨ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਇਸ ਲਈ ਉਹ ਲੋੜੀਂਦੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਸੌਂਪਣਗੇ।