ਦਿੱਲੀ 11 ਮਈ, ਬੋਲੇ ਪੰਜਾਬ ਬਿਉਰੋ: ਕੇਂਦਰ ਸਰਕਾਰ ਨੇ ਸਾਈਬਰ ਅਪਰਾਧ ਤੇ ਵਿੱਤੀ ਧੋਖਾਧੜੀ ’ਚ ਸ਼ਾਮਲ 28,200 ਮੋਬਾਈਲ ਹੈਂਡਸੈੱਟਾਂ ਨੂੰ ਬਲਾਕ ਕਰਨ ਤੇ 20 ਲੱਖ ਮੋਬਾਈਲ ਕੁਨੈਕਸ਼ਨ ਤਤਕਾਲ ਤਸਦੀਕ ਕਰਨ ਦਾ ਨਿਰਦੇਸ਼ ਦੂਰਸੰਚਾਰ ਆਪ੍ਰੇਟਰਾਂ ਨੂੰ ਦਿੱਤਾ ਹੈ।
ਗ੍ਰਹਿ ਮੰਤਰਾਲੇ ਤੇ ਸੂਬਾਈ ਪੁਲਿਸ ਵੱਲੋਂ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਸਾਈਬਰ ਅਪਰਾਧਾਂ ’ਚ 28,200 ਮੋਬਾਈਲ ਹੈਂਡਸੈੱਟਾਂ ਦੀ ਦੁਰਵਰਤੋਂ ਕੀਤੀ ਗਈ ਸੀ। ਡੀਓਟੀ ਨੂੰ ਵਿਸ਼ਲੇਸ਼ਣ ’ਚ ਪਤਾ ਲੱਗਾ ਕਿ ਇਨ੍ਹਾਂ ਮੋਬਾਈਲ ਹੈਂਡਸੈੱਟਾਂ ਦੇ ਨਾਲ 20 ਲੱਖ ਨੰਬਰਾਂ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਬਾਅਦ, ਦੂਰਸੰਚਾਰ ਵਿਭਾਗ ਨੇ ਦੂਰਸੰਚਾਰ ਆਪ੍ਰੇਟਰਾਂ ਨੂੰ ਪੂਰੇ ਭਾਰਤ ’ਚ 28,200 ਮੋਬਾਈਲ ਹੈਂਡਸੈੱਟਾਂ ਨੂੰ ਬਲਾਕ ਕਰਨ ਤੇ ਇਨ੍ਹਾਂ ਮੋਬਾਈਲ ਹੈਂਡਸੈੱਟਾਂ ਨਾਲ ਜੁੜੇ 20 ਲੱਖ ਮੋਬਾਈਲ ਕੁਨੈਕਸ਼ਨਾਂ ਦੀ ਤਤਕਾਲ ਤਸਦੀਕ ਕਰਨ ਦਾ ਨਿਰਦੇਸ਼ ਦਿੱਤਾ। ਮੁੜ ਤਸਦੀਕ ’ਚ ਗੜਬੜੀ ਪਾਏ ਜਾਣ ’ਤੇ ਅਜਿਹੇ ਕੁਨੈਕਸ਼ਨਾਂ ਨੂੰ ਕੱਟਣ ਦੇ ਨਿਰਦੇਸ਼ ਦਿੱਤੇ। ਦੂਰਸੰਚਾਰ ਧੋਖਾਧੜੀ ਨਾਲ ਸਬੰਧਤ ਸ਼ਿਕਾਇਤਾਂ ਨਾਲ ਨਿਪਟਣ ਲਈ ਦੂਰਸੰਚਾਰ ਵਿਭਾਗ ਨੇ ਦੋ ਮਹੀਨੇ ਪਹਿਲਾਂ ਚਕਸ਼ੂ ਪੋਰਟਲ ਲਾਂਚ ਕੀਤਾ ਸੀ। ਪੋਰਟਲ ਦੀ ਲਾਂਚਿੰਗ ਦੇ ਬਾਅਦ ਤੋਂ ਵਿਭਾਗ ਨੇ ਸਾਈਬਰ ਅਪਰਾਧ ਤੇ ਵਿੱਤੀ ਧੋਖਾਧੜੀ ਰੋਕਣ ਲਈ 52 ਅਦਾਰਿਆਂ ਨੂੰ ਕਾਲੀ ਸੂਚੀ ’ਚ ਪਾ ਦਿੱਤਾ ਗਿਆ ਹੈ, ਜਿਹੜਾ ਲੋਕਾਂ ਨੂੰ ਇਤਰਾਜ਼ਯੋਗ ਤੇ ਉਨ੍ਹਾਂ ਨੂੰ ਫਸਾਉਣ ਵਾਲੇ ਮੈਸੇਜ ਭੇਜਦੀਆਂ ਸਨ। ਦੇਸ਼ ਭਰ ’ਚ 348 ਮੋਬਾਈਲ ਹੈਂਡਸੈੱਟਾਂ ਨੂੰ ਬਲਾਕ ਕਰ ਦਿੱਤਾ ਹੈ ਤੇ 10,834 ਸ਼ੱਕੀ ਮੋਬਾਈਲ ਨੰਬਰਾਂ ਨੂੰ ਮੁੜ ਤਸਦੀਕ ਕਰਨ ਲਈ ਪਛਾਣਿਆ ਹੈ।