ਨਵੀਂ ਦਿੱਲੀ, 11 ਮਈ,ਬੋਲੇ ਪੰਜਾਬ ਬਿਓਰੋ:
ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸ਼ੁੱਕਰਵਾਰ ਰਾਤ ਨੂੰ ਆਏ ਭਿਆਨਕ ਤੂਫਾਨ ਨਾਲ ਜੁੜੀਆਂ ਘਟਨਾਵਾਂ ‘ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 23 ਜ਼ਖਮੀ ਹੋ ਗਏ। ਤੇਜ਼ ਹਵਾਵਾਂ ਕਾਰਨ ਦਿੱਲੀ ‘ਚ ਦਰੱਖਤ, ਬਿਜਲੀ ਦੇ ਖੰਭੇ ਉੱਖੜ ਗਏ ਅਤੇ ਕਈ ਥਾਵਾਂ ‘ਤੇ ਕੰਧਾਂ ਦੇ ਕੁਝ ਹਿੱਸੇ ਡਿੱਗ ਗਏ।
ਰਾਸ਼ਟਰੀ ਰਾਜਧਾਨੀ ‘ਚ ਸ਼ੁੱਕਰਵਾਰ ਦੇਰ ਰਾਤ ਧੂੜ ਭਰੀ ਹਨੇਰੀ ਕਾਰਨ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਠੱਪ ਹੋ ਗਈ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਦਰੱਖਤਾਂ, ਬਿਜਲੀ ਦੇ ਖੰਭਿਆਂ ਅਤੇ ਹੋਰਡਿੰਗਜ਼ ਦੇ ਟੁੱਟਣ ਦੀਆਂ ਘਟਨਾਵਾਂ ਸਬੰਧੀ 152 ਕਾਲਾਂ ਆਈਆਂ, ਜਿਨ੍ਹਾਂ ਵਿੱਚੋਂ 130 ਕਾਲਾਂ ਦਿੱਲੀ ਫਾਇਰ ਸਰਵਿਸ ਨੂੰ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਇਮਾਰਤਾਂ ਅਤੇ ਇਮਾਰਤਾਂ ਦੇ ਹਿੱਸੇ ਡਿੱਗਣ ਸਬੰਧੀ 55 ਕਾਲਾਂ ਵੀ ਆਈਆਂ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ‘ਚ ਤੂਫਾਨ ਦੌਰਾਨ ਬਿਜਲੀ ਸਪਲਾਈ ‘ਚ ਵਿਘਨ ਹੋਣ ਦੀਆਂ 202 ਰਿਪੋਰਟਾਂ ਮਿਲੀਆਂ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਸ਼ੁੱਕਰਵਾਰ ਦੇਰ ਸ਼ਾਮ ਦਿੱਲੀ ਹਵਾਈ ਅੱਡੇ ‘ਤੇ ਨੌਂ ਉਡਾਣਾਂ ਨੂੰ ਮੋੜ ਦਿੱਤਾ ਗਿਆ।