ਪਾਇਲ, 10 ਮਈ,ਬੋਲੇ ਪੰਜਾਬ ਬਿਓਰੋ:
ਪਾਇਲ ਪੁਲੀਸ ਨੇ ਤਿੰਨ ਸਾਲ ਪਹਿਲਾਂ ਪਾਇਲ ਥਾਣਾ ਖੇਤਰ ਦੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਆਪਣੀਆਂ 5 ਸਾਲਾ ਜੁੜਵਾਂ ਬੱਚੀਆਂ ਨੂੰ ਛੱਡ ਕੇ ਫਰਾਰ ਹੋ ਗਈ ਇੱਕ ਔਰਤ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪਾਇਲ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਮੰਗਲਵਾਰ ਨੂੰ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਤੋਂ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕੀਤਾ ਹੈ।ਪੁਲਸ ਮੁਤਾਬਕ ਔਰਤ ਨੇ ਉਸ ਆਦਮੀ ਨੂੰ ਵੀ ਛੱਡ ਦਿੱਤਾ, ਜਿਸ ਲਈ ਉਸ ਨੇ ਆਪਣੀਆਂ ਧੀਆਂ ਛੱਡੀਆਂ ਸਨ ਤੇ ਤੀਜਾ ਵਿਆਹ ਕਰਵਾ ਲਿਆ।
ਮੁਲਜ਼ਮ ਔਰਤ ਦੀ ਪਛਾਣ ਬੰਤ ਕੌਰ ਵਜੋਂ ਹੋਈ ਹੈ। ਇਕ ਸਥਾਨਕ ਅਦਾਲਤ ਨੇ ਪਹਿਲਾਂ ਹੀ ਉਸ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਸੀ। ਉਸ ਦੇ ਪਹਿਲੇ ਪਤੀ ਮਹਿੰਦਰ ਸਿੰਘ ਵਾਸੀ ਨਿਊ ਸ਼ਿਮਲਾਪੁਰੀ, ਲੁਧਿਆਣਾ ਨੂੰ ਪੁਲੀਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ।
ਪਾਇਲ ਥਾਣੇ ਦੇ ਐਸ.ਐਚ.ਓ. ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ 12 ਅਕਤੂਬਰ, 2021 ਨੂੰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਤੋਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਮਾਜ ਸੇਵਕਾਂ ਨੂੰ ਦੋ ਜੁੜਵਾਂ ਲੜਕੀਆਂ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਮਿਲੀਆਂ।ਜਿਨ੍ਹਾਂ ਦੀ ਕਸਟਡੀ ਬਾਅਦ ਵਿੱਚ ਚਾਈਲਡ ਵੈਲਫੇਅਰ ਕਮੇਟੀ ਲੁਧਿਆਣਾ ਨਾਮਕ ਇੱਕ ਐਨਜੀਓ ਨੂੰ ਦਿੱਤੀ ਗਈ।ਜਿਨ੍ਹਾਂ ਨੇ ਦੋਵੇਂ ਲੜਕੀਆਂ ਨੂੰ ਬਾਲ ਸੰਭਾਲ ਅਤੇ ਸੁਰੱਖਿਆ ਗ੍ਰਹਿ, ਹੈਵਨਲੀ ਏਂਜਲਜ਼ ਚਿਲਡਰਨ ਹੋਮ, ਦੋਰਾਹਾ ਵਿਖੇ ਭੇਜ ਦਿੱਤਾ।
ਬਾਅਦ ਵਿੱਚ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਦੌਰਾਨ ਪੁਲੀਸ ਨੂੰ ਮੋਟਰਸਾਈਕਲ ’ਤੇ ਸਵਾਰ ਇੱਕ ਵਿਅਕਤੀ ਲੜਕੀਆਂ ਨੂੰ ਗੁਰਦੁਆਰਾ ਸਾਹਿਬ ਵਿੱਚ ਛੱਡ ਕੇ ਫਰਾਰ ਹੁੰਦਾ ਦਿੱਸਿਆ, ਜਦੋਂਕਿ ਲੜਕੀਆਂ ਦੀ ਮਾਂ ਵੀ ਵਿਆਹ ਦੇ ਪਹਿਰਾਵੇ ਵਿੱਚ ਚੂੜਾ ਪਾਈ ਕੈਮਰੇ ਵਿੱਚ ਕੈਦ ਹੋ ਗਈ।ਜਿਸ ਤੋਂ ਬਾਅਦ ਪੁਲਿਸ ਨੇ ਲੜਕੀ ਦੇ ਪਿਤਾ ਨੂੰ ਟਰੇਸ ਕਰਕੇ ਪੁੱਛਗਿੱਛ ਲਈ ਬੁਲਾਇਆ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਪਤਨੀ ਬੰਤ ਕੌਰ 2018 ਤੋਂ ਮੈਨੂੰ ਬੱਚਿਆਂ ਸਮੇਤ ਛੱਡ ਗਈ ਸੀ, ਪਰ ਉਸਨੇ ਤਲਾਕ ਨਹੀਂ ਦਿੱਤਾ ਹੈ। ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਮੁਲਜ਼ਮ ਔਰਤ ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਤੋਂ ਗ੍ਰਿਫਤਾਰ ਕੀਤਾ ਹੈ।