ਮੁਕਤਸਰ, 10 ਮਈ,ਬੋਲੇ ਪੰਜਾਬ ਬਿਓਰੋ:
ਪਿੰਡ ਦੋਦਾ ਵਿਚ ਟਰਾਂਸਫਾਰਮਰ ਵਿੱਚੋਂ ਕਰੰਟ ਲੱਗ ਜਾਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਗਗਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਖੇਤ ਪਾਣੀ ਲਾ ਰਿਹਾ ਸੀ ਕਿ ਉਦੋਂ ਅਚਾਨਕ ਖੇਤ ਵਿਚ ਚੱਲ ਰਹੀ ਪਾਣੀ ਦੀ ਮੋਟਰ ਟਰਾਂਸਫਾਰਮ ਦੇ ਖਰਾਬ ਹੋਣ ਕਾਰਨ ਬੰਦ ਹੋ ਗਈ। ਜਦੋਂ ਉਸ ਦਾ ਪਤੀ ਟਰਾਂਸਫਾਰਮਰ ‘ਤੇ ਬਿਜਲੀ ਠੀਕ ਕਰ ਰਿਹਾ ਸੀ ਤਾਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ। ਉਸ ਸਮੇਂ ਆਸ-ਪਾਸ ਦੇ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨੇ ਉਸ ਨੂੰ ਤੁਰੰਤ ਦੋਦਾ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਇਲਾਜ ਲਈ ਪਹਿਲਾਂ ਬਠਿੰਡਾ ਤੇ ਫਿਰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਪਰ ਉਸ ਦੀ ਜਾਨ ਨਹੀਂ ਬਚ ਸਕੀ। ਲੁਧਿਆਣਾ ਵਿਚ ਡਾਕਟਰਾਂ ਨੇ ਗੁਰਮੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਚੌਕੀ ਦੋਦਾ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।