ਲੁਧਿਆਣਾ 10 ਮਈ,ਬੋਲੇ ਪੰਜਾਬ ਬਿਓਰੋ:- ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਨਾਟਕ “ ਮੈ ਜੱਲ੍ਹਿਆਂ ਵਾਲਾ ਬਾਗ ਬੋਲਦਾਂ” ਦੀ ਪੇਸ਼ਕਾਰੀ ਉਪਰੰਤ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਿੱਚੋਂ ਸੇਵਾ ਮੁਕਤ ਅਧਿਆਪਕ ਤੇ ਚੰਗੀ ਖੇਤੀ ਮਾਸਿਕ ਪੱਤਰ ਦੇ ਸੀਨੀਅਰ ਸੰਪਾਦਕ ਪ੍ਰੋ. ਗੁਰਭਜਨ ਸਿੰਘ ਗਿੱਲ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਸੰਗ੍ਰਹਿ “ ਇਤਫ਼ਾਕ” ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ,ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਡਾ. ਕੇਸ਼ੋ ਰਾਮ ਸੋਸਾਇਟੀ ਦੇ ਸਰਪ੍ਰਸਤ ਕਰਨਲ ਜਸਜੀਤ ਸਿੰਘ ਗਿੱਲ, ਖੇਤੀਬਾੜੀ ਕਾਲਿਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ,ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਸੰਚਾਰ ਕੇਂਦਰ ਦੇ ਡਿਪਟੀ ਡਾਇਰੈਕਟਰ (ਰੇਡੀਉ ਤੇ ਟੀ ਵੀ)ਡਾ. ਅਨਿਲ ਸ਼ਰਮਾ, ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਤੇ ਫਿਲਮ ਨਿਰਦੇਸ਼ਕ ਰਵਿੰਦਰ ਰੰਗੂਵਾਲ ਤੇ ਉੱਘੇ ਹਾਕੀ ਖਿਡਾਰੀ ਸ. ਅਜੈਪਾਲ ਸਿੰਘ ਪੂਨੀਆ ਵੱਲੋ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੀ ਸਾਹਿੱਤਕ ਵਿਰਾਸਤ ਨੂੰ ਵਡਿਆਉਂਦਿਆਂ ਕਿਹਾ ਕਿ ਇਸ ਧਰਤੀ ਤੇ ਇਕੱਲਾ ਵਿਗਿਆਨ ਹੀ ਨਹੀਂ ਸਗੋਂ ਸਾਹਿੱਤ ਵੀ ਵਿਕਸਤ ਹੋਇਆ ਹੈ। ਡਾ. ਮ ਸ ਰੰਧਾਵਾ ਜੀ ਨੇ ਇਸ ਯੂਨੀਵਰਸਿਟੀ ਵਿੱਚ ਯੁਗ ਕਵੀ ਪ੍ਰੋ. ਮੋਹਨ ਸਿੰਘ , ਸ. ਕੁਲਵੰਤ ਸਿੰਘ ਵਿਰਕ, ਅਜਾਇਬ ਚਿਤਰਕਾਰ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਗੁਲਜ਼ਾਰ ਸਿੰਘ ਸੰਧੂ,ਕ੍ਰਿਸ਼ਨ ਅਦੀਬ, ਡਾ. ਸੁਰਜੀਤ ਪਾਤਰ ਸਮੇਤ ਅਨੇਕਾਂ ਲੇਖਕਾਂ ਨੂੰ ਸਨਮਾਨਿਤ ਪਦਵੀਆਂ ਤੇ ਨਿਯੁਕਤ ਕਰਕੇ ਇਸ ਸੰਸਥਾ ਨੂੰ ਸਾਹਿੱਤ ਦਾ ਮੁੱਖ ਕੇਂਦਰ ਵੀ ਬਣਾਇਆ। ਭਾਵੇਂ ਪਹਿਲਾਂ ਵੀ ਇਸ ਮਹਾਨ ਸੰਸਥਾ ਵਿੱਚ ਡਾ. ਵਿਦਿਆ ਭਾਸਕਰ ਅਰੁਣ, ਡਾ. ਸ ਸ ਦੋਸਾਂਝ, ਡਾ. ਸ ਨ ਸੇਵਕ ਤੇ ਡਾ਼ ਸਾਧੂ ਸਿੰਘ ਵਰਗੇ ਸਾਹਿੱਤ ਸਾਧਕ ਯੂਨੀਵਰਸਿਟੀ ਸੇਵਾ ਵਿੱਚ ਆ ਚੁਕੇ ਸਨ ਪਰ ਸਾਹਿੱਤਕ ਮਾਹੌਲ ਦੀ ਉਸਾਰੀ ਕਰਨ ਵਿੱਚ ਡਾ. ਰੰਧਾਵਾ ਦਾ ਕੋਈ ਮੁਕਾਬਲਾ ਨਹੀਂ ਸੀ।
ਪ੍ਰੋ਼ ਗੁਰਭਜਨ ਸਿੰਘ ਗਿੱਲ ਨੇ ਵੀ ਇਸ ਯੂਨੀਵਰਸਿਟੀ ਦੀ ਸਾਹਿੱਤਕ ਪਛਾਣ ਅੱਗੇ ਵਧਾਉਣ ਵਿੱਚ ਉੱਘਾ ਯੋਗਦਾਨ ਪਾਇਆ। ਮੈਨੂੰ ਮਾਣ ਹੈ ਕਿ ਅਸੀਂ ਲਗਪਗ ਤੀਹ ਸਾਲ ਸਹਿਕਰਮੀ ਰਹੇ ਹਾਂ। ਉਨ੍ਹਾਂ ਵੱਲੋਂ ਸਾਡੇ ਕਲਾਕਾਰ ਵਿਦਿਆਰਥੀਆਂ ਲਈ “ਇਤਫ਼ਾਕ”ਦੀਆਂ 70 ਕਾਪੀਆਂ ਭੇਂਟ ਕਰਨਾ ਚੰਗੀ ਸ਼ੁਰੂਆਤ ਹੈ। ਇਸ ਨਾਲ ਨਵੀਂ ਪੀੜ੍ਹੀ ਆਪਣੇ ਵੱਡਿਆਂ ਦੇ ਸਿਰਜੇ ਸਾਹਿੱਤ ਤੋਂ ਜਾਣੂੰ ਹੋ ਸਕੇਗੀ।
ਇਸ ਮੌਕੇ ਗੁਰਭਜਨ ਗਿੱਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਸੇਵਾ ਦੌਰਾਨ ਲਗਪਗ ਨੌਂ ਵਾਈਸ ਚਾਂਸਲਰ ਸਾਹਿਬਾਨ, ਸਾਥੀ ਅਧਿਆਪਕਾਂ ਕੇ ਵਿਦਿਆਰਥੀਆਂ ਵੱਲੋਂ ਮਿਲੇ ਮਾਣ ਦਾ ਹੀ ਪ੍ਰਤਾਪ ਹੈ ਕਿ ਇਥੇ ਬਾਰ ਬਾਰ ਆਉਣ ਨੂੰ ਹੁਣ ਵੀ ਦਿਲ ਤਾਂਘਦਾ ਹੈ। ਉਨ੍ਹਾਂ ਪਸਾਰ ਸਿੱਖਿਆ ਡਾਇਰੈਕਟਰ ਡਾ. ਮੱਖਣ ਸਿੰਘ ਭੁੱਲਰ ਤੇ ਡਾ. ਅਨਿਲ ਸ਼ਰਮਾ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਨਾਟਕ ਪੇਸ਼ਕਾਰੀ ਬਹਾਨੇ ਏਨੀ ਚੰਗੀ ਸੰਗਤ ਦੇ ਰੂ ਬਰੂ ਹੋਣ ਦਾ ਮੌਕਾ ਦਿੱਤਾ ਹੈ।
ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਪ੍ਰੋ. ਗੁਰਭਜਨ ਸਿੰਘ ਗਿੱਲ ਹੁਣ ਤੱਕ ਸ਼ੀਸ਼ਾ ਝੂਠ ਬੋਲਦਾ ਹੈ ,ਹਰ ਧੁਖਦਾ ਪਿੰਡ ਮੇਰਾ ਹੈ,ਸੁਰਖ਼ ਸਮੁੰਦਰ ,ਦੋ ਹਰਫ਼ ਰਸੀਦੀ,ਅਗਨ ਕਥਾ,ਮਨ ਦੇ ਬੂਹੇ ਬਾਰੀਆਂ ,ਧਰਤੀ ਨਾਦ ,ਖ਼ੈਰ ਪੰਜਾਂ ਪਾਣੀਆਂ ਦੀ ,ਫੁੱਲਾਂ ਦੀ ਝਾਂਜਰ,ਪਾਰਦਰਸ਼ੀ ,ਮੋਰਪੰਖ,ਮਨ ਤੰਦੂਰ,ਤਾਰਿਆਂ ਦੇ ਨਾਲ ਗੱਲਾਂ ਕਰਦਿਆਂ,ਗੁਲਨਾਰ,ਮਿਰਗਾਵਲੀ ,ਰਾਵੀ,ਸੁਰਤਾਲ ,ਚਰਖ਼ੜੀ,ਪਿੱਪਲ ਪੱਤੀਆਂ (ਗੀਤ ਸੰਗ੍ਰਹਿ ), ਜਲ ਕਣ ਪੱਤੇ ਪੱਤੇ ਲਿਖੀ ਇਬਾਰਤ(ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਵਾਲੀ ਕੌਫੀ ਟੇਬਲ ਕਿਤਾਬ) ਤੇ ਪਿਛਲੇ ਪੰਜਾਹ ਸਾਲ ਦੌਰਾਨ ਲਿਖੀਆਂ ਗ਼ਜ਼ਲਾਂ ਦਾ ਵੱਡ ਆਕਾਰੀ ਗ਼ਜ਼ਲ ਸੰਗ੍ਰਹਿ “ਅੱਖਰ ਅੱਖਰ” ਵੀ ਛਪ ਚੁਕੀ ਹੈ। ਇਹ ਗੁਰਭਜਨ ਗਿੱਲ ਵੱਲੋਂ ਲਿਖੀਆਂ 900 ਗ਼ਜ਼ਲਾਂ ਵਿੱਚੋਂ ਚੋਣਵੀਆਂ 106 ਗ਼ਜ਼ਲਾਂ ਦੀ ਸੱਜਰੀ ਕਿਤਾਬ ਹੈ ਜੋ “ਇਤਫ਼ਾਕ”ਨਾਮ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਖੋਜੀ ਵਿਦਵਾਨ ਡਾ. ਸਤਿੰਦਰਜੀਤ ਸਿੰਘ ਸਨੀ ਪੱਖੋ ਕੇ ਅਤੇ ਬੀ ਬੀ ਕੇ ਡੀਏ ਵੀ ਕਾਲਿਜ ਅੰਮ੍ਰਿਤਸਰ ਦੇ ਅਧਿਆਪਕ ਪ੍ਰੋ. ਜਗਮੀਤ ਸਿੰਘ ਨੇ ਸੰਪਾਦਿਤ ਕੀਤੀ ਹੈ।ਉਨ੍ਹਾਂ ਪੇਸ਼ ਨਾਟਕ “ ਮੈਂ ਜੱਲ੍ਹਿਆਂ ਵਾਲਾ ਬਾਗ ਬੋਲਦਾਂ” ਦੇ ਸਮੂਹ ਕਲਾਕਾਰਾਂ ਤੇ ਸਹਿਯੋਗੀਆਂ ਲਈ 70 ਕਿਤਾਬਾਂ ਭੇਂਟ ਕਰਨ ਦਾ ਧੰਨਵਾਦ ਕੀਤਾ।