ਮੁਹਾਲੀ, 10 ਮਈ,ਬਿੋਲੇ ਪੰਜਾਬ ਬਿਓਰੋ:
ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਕੋਆਪਰੇਟਿਵ ਬੈਂਕ ਦੇ ਮੈਨੇਜਰ ਨੂੰ ਪੁਲਿਸ ਨੇ 24 ਘੰਟਿਆਂ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਸਿਆਲਵਾ ਵਿਚ ਕੋਆਪਰੇਟਿਵ ਬੈਂਕ ਦੇ ਮੈਨੇਜਰ ਜਸਵੀਰ ਸਿੰਘ ਨੇ ਕਿਸਾਨਾਂ ਨਾਲ ਤਿੰਨ ਤੋਂ ਚਾਰ ਕਰੋੜ ਦੀ ਠੱਗੀ ਮਾਰੀ ਸੀ, ਇਸ ਤੋਂ ਬਾਅਦ ਉਹ ਫਰਾਰ ਸੀ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਮੁਹਾਲੀ ਦੇ ਸਿਆਲਵਾ ਪਿੰਡ ਵਿਚ ਕਿਸਾਨਾਂ ਨੇ ਕੋਆਪ੍ਰੇਟਿਵ ਬੈਂਕ ਵਿਚ ਅਪਣੇ ਪੈਸੇ ਜਮ੍ਹਾਂ ਕਰਵਾਏ ਸਨ ਪਰ ਇਥੇ ਬੈਂਕ ਮੈਨੈਜਰ ਨੇ ਕਿਸਾਨਾਂ ਦੇ ਤਿੰਨ ਕਰੋੜ ਰੁਪਏ ਦਾ ਗਬਨ ਕੀਤਾ ਹੈ। ਬੈਂਕ ਮੈਨੇਜਰ ਜਸਵੀਰ ਸਿੰਘ ਦੀ ਇਸ ਬਰਾਂਚ ਵਿਚੋਂ ਕਰੀਬ ਦੋ ਮਹੀਨੇ ਪਹਿਲਾਂ ਬਦਲੀ ਹੋ ਚੁੱਕੀ ਹੈ। ਇਸ ਘਪਲੇ ਬਾਰੇ ਖਾਤਾ ਧਾਰਕਾਂ ਅਤੇ ਬੈਂਕ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਨਵੇਂ ਮੈਨੇਜਰ ਦੇ ਆਉਣ ਤੋਂ ਬਾਅਦ ਬੈਕ ਵਲੋਂ ਪਾਸਬੁੱਕ ‘ਤੇ ਐਟਰੀਆਂ ਕੀਤੀ ਗਈਆਂ।
ਜਸਵੀਰ ਸਿੰਘ ਪਿਛਲੇ 10 ਸਾਲ ਤੋਂ ਇਸ ਬੈਂਕ ਵਿਚ ਮੈਨੇਜਰ ਸੀ। ਪੁਲਿਸ ਅਨੁਸਾਰ ਮੁਲਜ਼ਮ 2013 ਵਿਚ ਬੈਂਕ ਵਿਚ ਬਤੌਰ ਹੈਲਪਰ ਭਰਤੀ ਹੋਇਆ ਸੀ ਅਤੇ ਬਾਅਦ ਵਿਚ ਕਲਰਕ ਵਜੋਂ ਨਿਯੁਕਤ ਹੋ ਗਿਆ, ਇਸ ਤੋਂ ਬਾਅਦ ਉਸ ਨੂੰ ਸਹਾਇਕ ਸ਼ਾਖਾ ਮੈਨੇਜਰ ਦੇ ਅਹੁਦੇ ’ਤੇ ਤਰੱਕੀ ਮਿਲੀ ਸੀ।
ਖਾਤਾ ਧਰਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਅਪਣੇ ਪਾਸਬੁੱਕ ਦੀਆਂ ਐਂਟਰੀਆਂ ਕਰਵਾਈਆਂ ਤਾਂ ਉਨ੍ਹਾਂ ਨੂੰ ਮਾਮਲੇ ਬਾਰੇ ਪਤਾ ਲੱਗਿਆ ਕਿ ਉਨ੍ਹਾਂ ਦੇ ਖਾਤੇ ਵਿਚ ਜੋ ਵੀ ਰਾਸ਼ੀ ਜਮ੍ਹਾਂ ਸੀ, ਉਹ ਬੈਂਕ ਮੈਨੇਜਰ ਵਲੋਂ ਅਪਣੇ ਸਾਥੀਆਂ ਦੀ ਮਦਦ ਨਾਲ ਕਢਵਾ ਲਈ ਗਈ ਹੈ। ਕਿਸਾਨਾਂ ਨਾਲ ਠੱਗੀ ਕਰਨ ਤੋਂ ਬਾਅਦ ਬੈਂਕ ਮੈਨੇਜਰ ਫਰਾਰ ਚੱਲ ਰਿਹਾ ਸੀ।
ਇਸ ਸਬੰਧੀ ਸ਼ਿਕਾਇਤ ਮੌਜੂਦਾ ਮੈਨੇਜਰ ਵਲੋਂ ਅਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਮੁੱਢਲੀ ਜਾਂਚ ਵਿਚ ਪਤਾ ਚੱਲਿਆ ਕਿ ਕਰੀਬ 21 ਖਾਤਿਆਂ ਵਿਚੋਂ ਸਾਢੇ ਤਿੰਨ ਕਰੋੜ ਰੁਪਏ ਪੁਰਾਣੇ ਮੈਨੇਜਰ ਵਲੋਂ ਕਢਵਾ ਲਏ ਗਏ ਹਨ ਹਨ। ਜਿਸ ਸਬੰਧੀ ਬੈਂਕ ਦੇ ਆਲਾ ਅਧਿਕਾਰੀਆਂ ਨੇ ਐਸਐਸਪੀ ਮੁਹਾਲੀ ਨੂੰ ਲਿਖਤੀ ਸ਼ਿਕਾਇਤ ਸੌਂਪੀ ਸੀ