ਭਵਾਨੀਗੜ੍ਹ, 9 ਜੂਨ, ਬੋਲੇ ਪੰਜਾਬ ਬਿਓਰੋ:
ਨੇੜਲੇ ਪਿੰਡ ਸੰਘਰੇੜੀ ਵਿਖੇ ਗੁੱਜਰ ਬਰਾਦਰੀ ਦੇ ਦੋ ਵਿਅਕਤੀਆਂ ਦੀਆਂ ਮੱਝਾਂ ਚਰਾਉਂਦੇ ਸਮੇਂ ਖੇਤ ‘ਚ ਪਾਣੀ ਪੀਣ ਕਾਰਨ ਡੇਢ ਦਰਜਨ ਤੋਂ ਵੱਧ ਮੱਝਾਂ ਦੀ ਮੌਤ ਹੋ ਗਈ ਤੇ ਅੱਧੀ ਦਰਜਨ ਮੱਝਾਂ ਦੀ ਹਾਲਤ ਗੰਭੀਰ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗੁੱਜਰ ਬਰਾਦਰੀ ਨਾਲ ਸਬੰਧਤ ਪੀੜਤ ਮੂਸਾ ਖਾਨ ਪੁੱਤਰ ਅਲਫੇਦੀਨ ਅਤੇ ਗਾਮਾ ਖਾਨ ਪੁੱਤਰ ਕਾਸਮ ਖਾਂ ਨੇ ਦੱਸਿਆ ਕਿ ਉਹ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਧੂਰੀ ਕਸਬੇ ਦੇ ਨਜ਼ਦੀਕ ਪੈਂਦੇ ਪਿੰਡ ਧੂਰਾ ਵਿਖੇ ਆਪਣੇ ਡੇਰੇ ‘ਚ ਪਿਛਲੇ 25-30 ਸਾਲ ਤੋਂ ਰਹਿ ਰਹੇ ਹਨ ਅਤੇ ਉਹ ਪਸ਼ੂ ਪਾਲਣ ਦਾ ਕਾਰੋਬਾਰ ਕਰਦੇ ਹਨ ਅਤੇ ਪਸ਼ੂਆਂ ਦਾ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਹ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਲੈ ਕੇ ਜਾਂਦੇ ਹਨ ਅਤੇ ਖੁੱਲ੍ਹੀਆਂ ਥਾਵਾਂ ’ਤੇ ਚਰਾਉਂਦੇ ਹਨ, ਜਿਸ ਕਾਰਨ ਅੱਜ ਵੀ ਉਹ ਆਪਣੀਆਂ 32 ਮੱਝਾਂ ਨੂੰ ਪਿੰਡ ਸੰਘਰੇੜੀ ਤੋਂ ਪਿੰਡ ਕਪਿਆਲ ਨੂੰ ਆਉਂਦੀ ਸੜਕ ’ਤੇ ਚਰਾਉਣ ਲਈ ਲੈ ਕੇ ਆਏ ਜਦੋਂ ਉਨ੍ਹਾਂ ਨੇ ਆਪਣੀਆਂ ਮੱਝਾਂ ਨੂੰ ਦੁਪਹਿਰ ਨੂੰ ਪਿਆਸ ਲੱਗਣ ਕਾਰਨ ਨੇੜੇ ਦੇ ਖੇਤ ਵਿੱਚ ਪਾਣੀ ਪਿਲਾਇਆ ਤਾਂ ਦੇਖਿਆ ਕਿ ਇੱਕ-ਇੱਕ ਕਰਕੇ ਉਨ੍ਹਾਂ ਦੀਆਂ ਮੱਝਾਂ ਜ਼ਮੀਨ ‘ਤੇ ਡਿੱਗਣ ਲੱਗੀਆਂ ਅਤੇ ਜ਼ਿਆਦਾਤਰ ਮੱਝਾਂ ਮਰ ਗਈਆਂ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਮੂਸਾ ਖਾਨ ਦੀਆਂ 12 ਮੱਝਾਂ ਅਤੇ ਗਾਮਾ ਖਾਨ ਦੀਆਂ 6 ਮੱਝਾਂ ਦੀ ਮੌਤ ਹੋ ਗਈ ਅਤੇ ਦੋਵਾਂ ਵਿਅਕਤੀਆਂ ਦੀਆਂ 7 ਤੋਂ ਵੱਧ ਮੱਝਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇੱਕ ਮੱਝ ਦੀ ਕੀਮਤ ਇੱਕ ਲੱਖ ਰੁਪਏ ਤੋਂ ਉੱਪਰ ਹੈ। ਇਸ ਤਰ੍ਹਾਂ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੁਕਸਾਨ ਦਾ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ। ਪੀੜਤਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮੱਝਾਂ ਦੇ ਦੁੱਧ ਨਾਲ ਹੀ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਨ ਅਤੇ ਹੁਣ ਉਨ੍ਹਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ, ਇਸ ਲਈ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।