ਚੰਡੀਗੜ੍ਹ, 9 ਮਈ, ਬੋਲੇ ਪੰਜਾਬ ਬਿਓਰੋ:
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਯੂ ਏ ਪੀ ਏ ਐਕਟ ਤਹਿਤ ਦਰਜ ਮਾਮਲੇ ਵਿਚ 58 ਸਾਲਾ ਔਰਤ ਨੂੰ ਜ਼ਮਾਨਤ ਦੇ ਦਿੱਤੀ ਹੈ। ਔਰਤ ’ਤੇ ਦੋਸ਼ ਸੀ ਕਿ ਉਸਨੇ ਅਜਿਹੇ ਵਿਅਕਤੀ ਨੂੰ ਪਨਾਹ ਦਿੱਤੀ ਜੋ ਪੰਜਾਬ ਨੂੰ ਵੱਖਰਾ ਦੇਸ਼ ਬਣਾਉਣਾ ਚਾਹੁੰਦਾ ਸੀ। ਜਸਟਿਸ ਅਨੂਪਇੰਦਰ ਸਿੰਘ ਗਰੇਵਾਲ ਅਤੇ ਜਸਟਿਸ ਕੀਰਤੀ ਸਿੰਘ ਨੇ ਕਿਹਾ ਕਿ ਮਹਿਲਾ ਨੇ ਸਹਿ ਮੁਲਜ਼ਮ ਕੁਲਵਿੰਦਰ ਸਿੰਘ ਦੀ ਦੇਸ਼ ਛੱਡ ਕੇ ਭੱਜਣ ਤੇ ਕੰਬੋਡੀਆ ਵਿਚ ਰੁਕਣ ਵਿਚ ਮਦਦ ਕੀਤੀ ਸੀ ਤੇ ਇਹ ਮਾਮਲਾ ਜਨਵਰੀ ਤੋਂ ਮਾਰਚ 2019 ਦਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਮਹਿਲਾ 4 ਸਾਲ 8 ਮਹੀਨਿਆਂ ਤੋਂ ਜੇਲ੍ਹ ਵਿਚ ਹੈ ਤੇ ਉਸ ਕੋਲੋਂ ਕੁਝ ਵੀ ਇਤਰਾਜ਼ਯੋਗ ਬਰਾਮਦ ਨਹੀਂ ਹੋਇਆ। ਇਸ ਵਾਸਤੇ ਉਸਨੂੰ ਜ਼ਮਾਨਤ ਦਿੱਤੀ ਗਈ ਹੈ।