ਖਰਚਾ ਨਿਗਰਾਨ ਵਲੋਂ ਜ਼ਿਲ੍ਹਾ ਮੀਡੀਆ ਮੋਨੀਟਰਿੰਗ ਸੈੱਲ ਦਾ ਦੌਰਾ,ਪੇਡ ਨਿਊਜ਼ ਮਾਮਲਿਆਂ ਨਾਲ ਸਖ਼ਤੀ ਨਾਲ ਨਿਪਟਣ ਲਈ ਆਖਿਆ

ਚੰਡੀਗੜ੍ਹ ਪੰਜਾਬ


ਐਸ.ਏ.ਐਸ.ਨਗਰ, 9 ਮਈ,ਬੋਲੇ ਪੰਜਾਬ ਬਿਓਰੋ:
ਲੋਕ ਸਭਾ ਹਲਕਾ 06- ਆਨੰਦਪੁਰ ਸਾਹਿਬ ਦੇ ਚੋਣ ਖਰਚਾ ਨਿਗਰਾਨ ਸ਼ਿਲਪੀ ਸਿਨਹਾ ਨੇ ਕਿਹਾ ਕਿ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ‘ਤੇ ਕਿਸੇ ਵੀ ਸਿਆਸੀ ਪ੍ਰਚਾਰ ਸੰਬੰਧੀ ਇਸ਼ਤਿਹਾਰ ਨੂੰ ਪ੍ਰਸਾਰਿਤ ਕਰਨ ਤੋਂ ਪਹਿਲਾਂ ਪ੍ਰੀ-ਸਰਟੀਫਿਕੇਟ ਲਾਜ਼ਮੀ ਹੈ। ਇਸ ਮੰਤਵ ਲਈ ਰਿਟਰਨਿੰਗ ਅਫ਼ਸਰ ਪੱਧਰ ਅਤੇ ਜ਼ਿਲ੍ਹਾ ਪੱਧਰ ‘ਤੇ ਮੀਡੀਆ ਸਰਟੀਫਿਕੇਸ਼ਨ ਅਤੇ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਦੇ ਨਾਲ ਜ਼ਿਲ੍ਹਾ ਮੀਡੀਆ ਮੋਨੀਟਰਿੰਗ ਅਤੇ ਸਰਟੀਫਿਕੇਸ਼ਨ ਕਮੇਟੀ ਐਸ.ਏ.ਐਸ.ਨਗਰ ਦਾ ਦੌਰਾ ਕਰਦਿਆਂ ਖਰਚਾ ਨਿਗਰਾਨ ਨੇ ਕਿਹਾ ਕਿ ਅੱਜ-ਕੱਲ੍ਹ ਇਲੈਕਟ੍ਰਾਨਿਕ ਮੀਡੀਆ ਦੀ ਪਰਿਭਾਸ਼ਾ ਵਿਸ਼ਾਲ ਹੁੰਦੀ ਜਾ ਰਹੀ ਹੈ। ਇਲੈਕਟ੍ਰਾਨਿਕ ਮੀਡੀਆ ਦੀ ਵਿਆਪਕ ਪਰਿਭਾਸ਼ਾ ਦੇ ਮੱਦੇਨਜ਼ਰ, ਟੀਵੀ/ਕੇਬਲ ਚੈਨਲਾਂ, ਬਲਕ ਐਸ ਐਮ ਐਸ ਅਤੇ ਵੌਇਸ ਸੁਨੇਹੇ, ਸਿਨੇਮਾ ਹਾਲਾਂ, ਇੰਟਰਨੈਟ ਅਤੇ ਸੋਸ਼ਲ ਮੀਡੀਆ ਵੈਬਸਾਈਟਾਂ, ਈ ਪੇਪਰ, ਰੇਡੀਓ ਚੈਨਲ, ਜਨਤਕ ਸਥਾਨ ‘ਤੇ ਸਿਆਸੀ ਇਸ਼ਤਿਹਾਰ/ਮੁਹਿੰਮ ਦਾ ਆਡੀਓ-ਵਿਜ਼ੂਅਲ ਚਲਾਉਣ/ਪ੍ਰਸਾਰਿਤ ਕਰਨ ਤੋਂ ਪਹਿਲਾਂ ਉਮੀਦਵਾਰਾਂ/ਪਾਰਟੀਆਂ ਨਾਲ ਸਬੰਧਤ ਇਸ਼ਤਿਹਾਰਾਂ ਨੂੰ ਐਮ ਸੀ ਐਮ ਸੀ ਕਮੇਟੀਆਂ ਤੋਂ ਪ੍ਰਮਾਣਿਤ ਕਰਵਾਇਆ ਜਾਣਾ ਚਾਹੀਦਾ ਹੈ।।
ਇਸੇ ਤਰ੍ਹਾਂ, ਮੀਡੀਆ ਮਾਨੀਟਰਿੰਗ ਸੈੱਲ ਸ਼ੱਕੀ ਪੇਡ ਨਿਊਜ਼ ਦੇ ਕੇਸਾਂ ‘ਤੇ ਵੀ ਨਜ਼ਰ ਰੱਖੇਗਾ, ਜੋ ਕਿ ਸਬੰਧਤ ਰਿਟਰਨਿੰਗ ਅਫਸਰ ਨੂੰ ਹਵਾਲੇ ਲਈ ਭੇਜਣ ਤੋਂ ਪਹਿਲਾਂ ਜ਼ਿਲ੍ਹਾ ਕਮੇਟੀ ਦੁਆਰਾ ਜਾਂਚੀ ਜਾਵੇਗੀ। ਆਰ.ਓ. ਸਬੰਧਤ ਉਮੀਦਵਾਰ ਨੂੰ ਸ਼ਿਕਾਇਤ ਦੇ ਪ੍ਰਕਾਸ਼ਨ/ਪ੍ਰਸਾਰਣ/ਟੈਲੀਕਾਸਟ ਦੇ 96 ਘੰਟਿਆਂ ਦੇ ਅੰਦਰ-ਅੰਦਰ ਖ਼ਬਰ ਜਾਂ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਪ੍ਰਕਾਸ਼ਿਤ ਕਰਨ ਲਈ ਕੀਤੇ ਗਏ ਖਰਚੇ ਦੀ ਵਿਆਖਿਆ/ਖੁਲਾਸਾ ਕਰਨ ਲਈ ਨੋਟਿਸ ਜਾਰੀ ਕਰੇਗਾ। ਉਮੀਦਵਾਰ ਨੂੰ ਨੋਟਿਸ ਮਿਲਣ ਦੇ 48 ਘੰਟਿਆਂ ਦੇ ਅੰਦਰ ਨੋਟਿਸ ਦਾ ਜਵਾਬ ਆਰ.ਓ. ਕੋਲ ਜਮ੍ਹਾ ਕਰਵਾਉਣਾ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਮਤਦਾਨ ਤੋਂ ਇੱਕ ਦਿਨ ਪਹਿਲਾਂ ਅਤੇ ਮਤਦਾਨ ਵਾਲੇ ਦਿਨ ਅਖਬਾਰਾਂ (ਪ੍ਰਿੰਟ ਮੀਡੀਆ) ਵਿੱਚ ਦਿੱਤੇ ਜਾ ਰਹੇ ਚੋਣ ਇਸ਼ਤਿਹਾਰਾਂ ਲਈ ਐਮ ਸੀ ਐਮ ਸੀ ਤੋਂ ਪ੍ਰੀ-ਸਰਟੀਫਿਕੇਟ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ।
ਖਰਚਾ ਨਿਗਰਾਨ ਨੇ ਉਮੀਦਵਾਰਾਂ ਅਤੇ ਮੀਡੀਆ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ, ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪੇਡ ਨਿਊਜ਼ ਤੋਂ ਗੁਰੇਜ਼ ਕਰਨ, ਜੋ ਜਨਤਾ ਨੂੰ ਗੁੰਮਰਾਹ ਕਰਦੀਆਂ ਹਨ ਅਤੇ ਲੋਕਾਂ ਦੀ ਸਹੀ ਰਾਏ ਬਣਾਉਣ ਦੀ ਸਮਰੱਥਾ ਵਿੱਚ ਰੁਕਾਵਟ ਪਾਉਂਦੀਆਂ ਹਨ।
ਉਨ੍ਹਾਂ ਦੇ ਨਾਲ ਏ ਡੀ ਸੀ ਵਿਰਾਜ ਐਸ ਤਿੜਕੇ, ਸੋਨਮ ਚੌਧਰੀ ਅਤੇ ਦਮਨਜੀਤ ਸਿੰਘ ਮਾਨ ਵੀ ਮੌਜੂਦ ਸਨ।

Leave a Reply

Your email address will not be published. Required fields are marked *