ਕਪੂਰਥਲਾ, 9 ਮਈ,ਬੋਲੇ ਪੰਜਾਬ ਬਿਓਰੋ:
ਕਪੂਰਥਲਾ ਦੇ ਕਸਬਾ ਨਡਾਲਾ ‘ਚ ਵੱਡੇ ਭਰਾ ਨੇ ਆਪਣੇ ਹੀ ਛੋਟੇ ਭਰਾ ਦਾ ਕਤਲ ਕਰਕੇ ਲਾਸ਼ ਨੂੰ ਬੈੱਡ ‘ਚ ਛੁਪਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਭਰਾ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਕਾਤਲ ਨੇ ਆਪਣੇ ਪਿਤਾ ਨੂੰ ਫੋਨ ‘ਤੇ ਸੂਚਨਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਭੁਲੱਥ ਅਤੇ ਥਾਣਾ ਸੁਭਾਨਪੁਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ‘ਚ ਰਖਵਾਇਆ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਭੁਲੱਥ ਨੇ ਦੱਸਿਆ ਕਿ ਕਤਲ ਦੇ ਮੁਲਜ਼ਮ ਖ਼ਿਲਾਫ਼ ਧਾਰਾ 302 ਅਤੇ 201 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਅਜੀਤ ਸਿੰਘ (ਮ੍ਰਿਤਕ ਦਾ ਪਿਤਾ) ਨਾਂ ਦਾ ਵਿਅਕਤੀ ਨਡਾਲਾ ਦੀ ਹਿੰਮਤ ਸਿੰਘ ਕਲੋਨੀ ਵਿੱਚ ਰਹਿੰਦਾ ਹੈ। ਉਸ ਦੇ ਲੜਕੇ ਕੁਲਵਿੰਦਰ ਸਿੰਘ ਨੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਪਿਤਾ ਅਜੀਤ ਸਿੰਘ ਜੀਰਕਪੁਰ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਹੈ। ਦੋਵੇਂ ਭਰਾ ਕੁਲਵਿੰਦਰ ਸਿੰਘ (26 ਸਾਲ) ਅਤੇ ਸੁਖਵਿੰਦਰ ਸਿੰਘ (22 ਸਾਲ) ਨਸ਼ੇ ਦੇ ਆਦੀ ਸਨ। ਆਪਣੇ ਨਸ਼ੇ ਦੀ ਪੂਰਤੀ ਲਈ ਦੋਵਾਂ ਨੇ ਹੌਲੀ-ਹੌਲੀ ਘਰ ਦਾ ਸਾਰਾ ਸਮਾਨ ਵੇਚ ਦਿੱਤਾ।ਪਤਾ ਲੱਗਾ ਹੈ ਕਿ ਫਰਿਜ ਵੇਚਣ ਨੂੰ ਲੈ ਕੇ ਦੋਵੇਂ ਭਰਾਵਾਂ ‘ਚ ਝਗੜਾ ਹੋਇਆ ਤੇ ਵੱਡੇ ਨੇ ਛੋਟੇ ਭਰਾ ਦੀ ਹੱਤਿਆ ਕਰ ਦਿੱਤੀ।
ਇਸ ਮਗਰੋਂ ਅਜੀਤ ਸਿੰਘ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਥਾਣਾ ਸੁਭਾਨਪੁਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸੁਖਵਿੰਦਰ ਸਿੰਘ ਦੀ ਲਾਸ਼ ਘਰ ਦੇ ਬਾਕਸ ਬੈੱਡ ਤੋਂ ਬਰਾਮਦ ਕੀਤੀ। ਡੀਐਸਪੀ ਸੁਰਿੰਦਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਦਾ ਮੋਬਾਈਲ ਵੀ ਬੰਦ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਜੀਤ ਸਿੰਘ ਦੇ ਬਿਆਨਾਂ ‘ਤੇ ਕੁਲਵਿੰਦਰ ਸਿੰਘ ਖਿਲਾਫ ਧਾਰਾ 302, 201 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।