ਏਅਰ ਇੰਡੀਆ ਐਕਸਪ੍ਰੈਸ ਵੱਲੋਂ 30 ਸੀਨੀਅਰ ਕਰੂ-ਮੈਂਬਰ ਬਰਖਾਸਤ

ਚੰਡੀਗੜ੍ਹ ਨੈਸ਼ਨਲ ਪੰਜਾਬ

ਨਵੀਂ ਦਿੱਲੀ, 09 ਮਈ ,ਬੋਲੇ ਪੰਜਾਬ ਬਿਓਰੋ: ਟਾਟਾ ਗਰੁੱਪ ਦੀ ਏਅਰ ਇੰਡੀਆ ਐਕਸਪ੍ਰੈਸ ਨੇ ਆਪਣੇ 30 ਸੀਨੀਅਰ ਕੈਬਿਨ ਕਰੂ ਮੈਂਬਰਾਂ (ਕਰਮਚਾਰੀਆਂ) ਨੂੰ ਕੰਮ ‘ਤੇ ਨਾ ਆਉਣ ਕਾਰਨ ਬਰਖਾਸਤ ਕਰ ਦਿੱਤਾ ਹੈ। ਇਹ ਬਰਖਾਸਤ ਕਰਮਚਾਰੀ 7 ਮਈ ਦੀ ਰਾਤ ਨੂੰ ਅਚਾਨਕ ਸਮੂਹਿਕ ਛੁੱਟੀ ‘ਤੇ ਚਲੇ ਗਏ ਸਨ। ਇਸ ਕਾਰਨ ਏਅਰਲਾਈਨ ਨੂੰ 90 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਸਨ।

ਇੰਡੀਆ ਐਕਸਪ੍ਰੈਸ ਏਅਰਲਾਈਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਆਲੋਕ ਸਿੰਘ ਨੇ ਕਿਹਾ ਹੈ ਕਿ ਅੱਜ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਉਡਾਣਾਂ ਨੂੰ ਰੱਦ ਕਰਨਾ ਪੈ ਸਕਦਾ ਹੈ। ਕੰਪਨੀ ਉਡਾਣਾਂ ਵਿੱਚ ਵੀ ਕਟੌਤੀ ਕਰੇਗੀ। ਕੰਪਨੀ ਨੇ ਬਰਖਾਸਤ ਕਰਮਚਾਰੀਆਂ ਨੂੰ ਭੇਜੇ ਗਏ ਟਰਮੀਨੇਸ਼ਨ ਲੈਟਰ ‘ਚ ਕਿਹਾ ਹੈ ਕਿ ਤੁਹਾਡੀ ਕਾਰਵਾਈ, ਫਲਾਈਟ ਨਾ ਚਲਾਉਣਾ ਅਤੇ ਕੰਪਨੀ ਦੀਆਂ ਸੇਵਾਵਾਂ ‘ਚ ਵਿਘਨ ਪਾਉਣਾ ਕਾਨੂੰਨ ਦੀ ਉਲੰਘਣਾ ਹੈ। ਇਹ ਏਅਰ ਇੰਡੀਆ ਐਕਸਪ੍ਰੈਸ ਲਿਮਟਿਡ ਕਰਮਚਾਰੀ ਸੇਵਾ ਨਿਯਮਾਂ ਦੀ ਵੀ ਉਲੰਘਣਾ ਹੈ।

ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਅਸੀਂ ਬੇਮਿਸਾਲ ਫਲਾਈਟ ਦੇਰੀ ਅਤੇ ਰੱਦ ਹੋਣ ਕਾਰਨ ਹੋਈ ਅਸੁਵਿਧਾ ਲਈ ਦਿਲੋਂ ਮੁਆਫੀ ਚਾਹੁੰਦੇ ਹਾਂ। ਅਸੀਂ ਰੁਕਾਵਟਾਂ ਨੂੰ ਘੱਟ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਕਿਰਪਾ ਕਰਕੇ ਹਵਾਈ ਅੱਡੇ ‘ਤੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰੋ। ਜੇਕਰ ਤੁਹਾਡੀ ਫਲਾਈਟ ਪ੍ਰਭਾਵਿਤ ਹੁੰਦੀ ਹੈ, ਤਾਂ ਕਿਰਪਾ ਕਰਕੇ ਰਿਫੰਡ ਅਤੇ ਰੀਸ਼ਡਿਊਲਿੰਗ ਸਹਾਇਤਾ ਲਈ WhatsApp ਜਾਂ http://airindiaexpress.com/support ‘ਤੇ ਸੰਪਰਕ ਕਰੋ।

ਵਰਣਨਯੋਗ ਹੈ ਕਿ ਏਅਰ ਇੰਡੀਆ ਐਕਸਪ੍ਰੈਸ ਦੇ ਚਾਲਕ ਦਲ ਦੇ ਮੈਂਬਰਾਂ ਦੇ ਵੱਡੇ ਪੈਮਾਨੇ ’ਤੇ ਬੀਮਾਰੀ ਦਾ ਹਵਾਲਾ ਦਿੰਦੇ ਹੋਏ ਛੁੱਟੀ ’ਤੇ ਚਲੇ ਜਾਣ ਨਾਲ ਏਅਰਲਾਈਨ ਦੀਆਂ ਲਗਭਗ 90 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਦਰਅਸਲ, ਟਾਟਾ ਗਰੁੱਪ ਦੀ ਅਗਵਾਈ ਵਾਲੀ ਏਅਰ ਇੰਡੀਆ ਐਕਸਪ੍ਰੈਸ ਏਆਈਐਕਸ ਕਨੈਕਟ (ਪਹਿਲਾਂ ਏਅਰ ਏਸ਼ੀਆ ਇੰਡੀਆ) ਨੂੰ ਆਪਣੇ ਨਾਲ ਮਿਲਾਉਣ ਦੀ ਪ੍ਰਕਿਰਿਆ ਵਿੱਚ ਹੈ। ਇਸ ਏਅਰਲਾਈਨ ਦੇ ਕਰੂ ਮੈਂਬਰ ਪਿਛਲੇ ਕੁਝ ਸਮੇਂ ਤੋਂ ਇਸ ਨੂੰ ਲੈ ਕੇ ਨਾਰਾਜ਼ ਹਨ।

Leave a Reply

Your email address will not be published. Required fields are marked *