ਚੰਡੀਗੜ੍ਹ, 8 ਮਈ, ਬੋਲੇ ਪੰਜਾਬ ਬਿਓਰੋ:
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਹੁਣ ਖੈਰ ਨਹੀਂ। ਚੰਡੀਗੜ੍ਹ ਟਰੈਫਿਕ ਪੁਲਿਸ ਨੇ ਨਵਾਂ ਫਾਰਮੂਲਾ ਜਾਰੀ ਕੀਤਾ ਹੈ। ਹੁਣ ਜੇਕਰ ਹੈਲਮੇਟ ਨਾ ਪਹਿਨਣ,ਓਵਰ ਸਪੀਡ,ਖਤਰਨਾਕ ਡਰਾਈਵਿੰਗ ਕਰਨ ਜਾਂ ਮੋਬਾਈਲ ਸੁਣਨ ‘ਤੇ ਚਲਾਨ ਕੱਟਦਾ ਹੈ ਤਾਂ ਉਸ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਕਲਾਸ ਲੱਗਾ ਕੇ ਬਾਅਦ ਪ੍ਰੀਖਿਆ ਦੇਣੀ ਪਵੇਗੀ। ਇਸ ਪ੍ਰੀਖਿਆ ‘ਚ 30 ਅੰਕਾਂ ਦਾ ਪੇਪਰ ਹੋਵੇਗਾ ਅਤੇ ਇਸ ਵਿੱਚ 24 ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਇਹ ਕਲਾਸਾਂ ਸੈਕਟਰ 23 ਦੇ ਟ੍ਰੈਫਿਕ ਪਾਰਕ ਵਿੱਚ ਲੱਗਣਗੀਆਂ।
ਹੁਣ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਜਾਵੇਗਾ। ਲਾਇਸੈਂਸ ਮੁਅੱਤਲ ਹੋਣ ਤੋਂ ਬਾਅਦ ਉਸ ਨੂੰ 30 ਅੰਕਾਂ ਦਾ ਟੈਸਟ ਪਾਸ ਕਰਨਾ ਹੋਵੇਗਾ। ਉਸ ਤੋਂ ਬਾਅਦ ਸਰਟੀਫਿਕੇਟ ਮਿਲੇਗਾ। ਇਸ ਤੋਂ ਬਾਅਦ ਹੀ ਲਾਇਸੈਂਸ ਜਾਰੀ ਕੀਤਾ ਜਾਵੇਗਾ।ਪੇਪਰ ਵਿੱਚ ਚਾਰ ਵਿਕਲਪ ਮਿਲਣਗੇ, ਜਿਨ੍ਹਾਂ ਵਿੱਚੋਂ ਸਹੀ ਜਵਾਬ ਦੇਣਾ ਹੋਵੇਗਾ। ਜੇਕਰ ਫੇਲ ਹੋ ਗਏ ਤਾਂ ਰੀ-ਕਲਾਸ ਅਤੇ ਦੁਬਾਰਾ ਪ੍ਰੀਖਿਆ ਹੋਵੇਗੀ ਤਾਂ ਹੀ ਲਾਇਸੈਂਸ ਮਿਲੇਗਾ।
ਜਾਣਕਾਰੀ ਦਿੰਦਿਆਂ ਚੰਡੀਗੜ੍ਹ ਟਰੈਫਿਕ ਪੁਲਸ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਲਾਇਸੈਂਸ ਸਸਪੈਂਡ ਹੋ ਗਿਆ ਹੈ ਅਤੇ ਫਿਰ ਵੀ ਗੱਡੀ ਚਲਾ ਰਹੇ ਹੋ ਤਾਂ ਭਾਰੀ ਜੁਰਮਾਨਾ ਅਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।