ਫਗਵਾੜਾ, 8 ਮਈ,ਬੋਲੇ ਪੰਜਾਬ ਬਿਓਰੋ:
ਫਗਵਾੜਾ ਦੇ ਪਿੰਡ ਰਿਹਾਣਾ ਜੱਟਾਂ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਲਾਕੇ ਵਿੱਚ ਸਥਿਤ ਇੱਕ ਸ਼ੈਲਰ ਨੂੰ ਸ਼ੱਕੀ ਹਾਲਾਤਾਂ ਕਾਰਨ ਅੱਗ ਲੱਗ ਗਈ ਅਤੇ ਉੱਥੇ ਪਿਆ ਨਵਾਂ ਬਾਰਦਾਨਾ ਅਤੇ ਹੋਰ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਸ਼ੈਲਰ ‘ਚ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਫਗਵਾੜਾ ਦੀ ਟੀਮ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਮੌਕੇ ‘ਤੇ ਪਹੁੰਚ ਗਈ।
ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ। ਸ਼ੈਲਰ ਮਾਲਕ ਦੀਪਕ ਬਾਂਸਲ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਫਗਵਾੜਾ ਦੀ ਟੀਮ ਫਾਇਰ ਟੈਂਡਰ ਗੱਡੀਆਂ ਸਮੇਤ ਮੌਕੇ ‘ਤੇ ਮੌਜੂਦ ਸੀ। ਅੱਗ ਲੱਗਣ ਦੀ ਸੂਚਨਾ ਫਗਵਾੜਾ ਪੁਲੀਸ ਨੂੰ ਵੀ ਦੇ ਦਿੱਤੀ ਗਈ ਹੈ।