ਚੰਡੀਗੜ੍ਹ, 7 ਮਈ, ਬੋਲੇ ਪੰਜਾਬ ਬਿਓਰੋ:
ਚੰਡੀਗੜ੍ਹ ‘ਚ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਐਕਟਿਵਾ ‘ਤੇ ਆਪਣੀ ਮਾਂ ਨਾਲ ਸਕੂਲ ਜਾ ਰਹੀ 7ਵੀਂ ਜਮਾਤ ਦੀ ਵਿਦਿਆਰਥਣ ਦੀ ਹਾਦਸੇ ‘ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਮੰਗਲਵਾਰ ਸਵੇਰੇ ਸਿੰਘਪੁਰਾ ਲਾਈਟ ਪੁਆਇੰਟ ਨੇੜੇ ਵਾਪਰਿਆ।
ਮ੍ਰਿਤਕਾ ਦੀ ਪਛਾਣ 12 ਸਾਲਾ ਅਨੰਨਿਆ ਵਜੋਂ ਹੋਈ ਹੈ। ਉਸ ਦੀ ਮਾਂ ਉਸ ਨੂੰ ਐਕਟਿਵਾ ‘ਤੇ ਸਕੂਲ ਛੱਡਣ ਜਾ ਰਹੀ ਸੀ ਕਿ ਟਰੱਕ ਚਾਲਕ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅਨੰਨਿਆ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਗੰਭੀਰ ਜ਼ਖਮੀ ਹੋ ਗਈ।
ਹਾਦਸੇ ਤੋਂ ਤੁਰੰਤ ਬਾਅਦ ਮਾਂ-ਧੀ ਨੂੰ ਐਂਬੂਲੈਂਸ ‘ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਨੰਨਿਆ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਉਸ ਦੀ ਮਾਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮਾਂ-ਧੀ ਜ਼ੀਰਕਪੁਰ ਦੀ ਪ੍ਰੀਤ ਕਾਲੋਨੀ ਦੀਆਂ ਰਹਿਣ ਵਾਲੀਆਂ ਹਨ।