ਰਾਂਚੀ, 07 ਮਈ ,ਬੋਲੇ ਪੰਜਾਬ ਬਿਓਰੋ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਅਤੇ ਕਾਂਗਰਸ ਨੇਤਾ ਆਲਮਗੀਰ ਆਲਮ ਦੇ ਪੀਐਸ ਸੰਜੀਵ ਲਾਲ ਅਤੇ ਨੌਕਰ ਜਹਾਂਗੀਰ ਆਲਮ ਨੂੰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ। ਰਾਂਚੀ ‘ਚ ਈਡੀ ਦੀ ਛਾਪੇਮਾਰੀ ‘ਚ ਜਹਾਂਗੀਰ ਆਲਮ ਦੇ ਕਮਰੇ ‘ਚੋਂ 35.23 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਈਡੀ ਅੱਜ ਦੋਵਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕਰੇਗੀ। ਅੱਜ ਦੂਜੇ ਦਿਨ ਵੀ ਈਡੀ ਨੇ ਕਈ ਲੋਕਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਮਵਾਰ ਸਵੇਰੇ 4 ਵਜੇ ਸੰਜੀਵ ਲਾਲ ਸਮੇਤ ਹੋਰ ਕਈ ਲੋਕਾਂ ਦੇ ਟਿਕਾਣਿਆਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਹ ਕਾਰਵਾਈ ਦੇਰ ਰਾਤ ਤੱਕ ਜਾਰੀ ਸੀ। ਇਸ ਦੌਰਾਨ ਸੰਜੀਵ ਲਾਲ ਦੇ ਨਜ਼ਦੀਕੀ ਬਿਲਡਰ ਮੁੰਨਾ ਸਿੰਘ ਦੇ ਘਰੋਂ ਤਿੰਨ ਕਰੋੜ ਰੁਪਏ ਬਰਾਮਦ ਹੋਏ ਹਨ। ਈਡੀ ਦੀਆਂ ਟੀਮਾਂ ਨੇ ਮਿਲ ਕੇ ਮੰਤਰੀ ਦੇ ਓਐਸਡੀ ਸੰਜੀਵ ਕੁਮਾਰ ਲਾਲ ਦੀ ਦੀਨਦਿਆਲ ਨਗਰ ਸਥਿਤ ਸਰਕਾਰੀ ਰਿਹਾਇਸ਼, ਕਾਂਕੇ ਰੋਡ ‘ਤੇ ਸੀਤਾ ਨਿਕੇਤਨ ਸਥਿਤ ਫਲੈਟ, ਹਰਮੂ ਰੋਡ ਸਥਿਤ ਰਿਹਾਇਸ਼, ਸੰਜੀਵ ਲਾਲ ਦੇ ਨੌਕਰ ਜਹਾਂਗੀਰ ਆਲਮ ਦੇ ਫਲੈਟ, ਮੁੰਨਾ ਕੁਮਾਰ ਸਿੰਘ ਦੇ ਪੀਪੀ ਕੰਪਾਊਂਡ ਸਥਿਤ ਫਲੈਟ, ਸੈਲ ਸਿਟੀ ਵਿਖੇ ਸੜਕ ਨਿਰਮਾਣ ਵਿਭਾਗ ਦੇ ਸਹਾਇਕ ਇੰਜੀਨੀਅਰ ਵਿਕਾਸ ਕੁਮਾਰ ਦੇ ਫਲੈਟ ਅਤੇ ਬੋੜੀਆ ਸਥਿਤ ਸੜਕ ਨਿਰਮਾਣ ਵਿਭਾਗ ਦੇ ਸਹਾਇਕ ਇੰਜੀਨੀਅਰ ਕੁਲਦੀਪ ਮਿੰਜ ਦੇ ਘਰ ਛਾਪੇਮਾਰੀ ਕੀਤੀ ਸੀ।
ਨੋਟਾਂ ਦੀ ਬਰਾਮਦਗੀ ਤੋਂ ਬਾਅਦ ਈਡੀ ਅਧਿਕਾਰੀਆਂ ਨੇ ਸੰਜੀਵ ਲਾਲ, ਜਹਾਂਗੀਰ, ਮੁੰਨਾ ਅਤੇ ਹੋਰਾਂ ਤੋਂ ਪੁੱਛਗਿੱਛ ਕੀਤੀ। ਜਹਾਂਗੀਰ ਨੇ ਕਬੂਲ ਕੀਤਾ ਹੈ ਕਿ ਸੰਜੀਵ ਲਾਲ ਨੇ ਪੈਸੇ ਇੱਥੇ ਰੱਖੇ ਸਨ। ਮੁੰਨਾ ਨੇ ਮੰਨਿਆ ਹੈ ਕਿ ਬਰਾਮਦ ਕੀਤੀ ਰਕਮ ਸਰ ਸਈਅਦ ਰੈਜ਼ੀਡੈਂਸੀ ਸਥਿਤ ਫਲੈਟ ‘ਚ ਪਹੁੰਚਾਈ ਜਾਣੀ ਸੀ।