ਲੁਧਿਆਣਾ, 6 ਮਈ ,ਬੋਲੇ ਪੰਜਾਬ ਬਿਓਰੋ:
ਲੋਕ ਸਭਾ ਚੋਣਾਂ ‘ਚ ਕਾਂਗਰਸ ਦੇ ਲੁਧਿਆਣਾ ਤੋਂ ਉਮੀਦਵਾਰ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਜਿੱਥੇ ਚੋਣ ਮੀਟਿੰਗਾਂ ਤੇ ਰੈਲੀਆਂ ‘ਚ ਇਕ-ਦੂਜੇ ‘ਤੇ ਤਿੱਖੇ ਹਮਲੇ ਕਰਦੇ ਨਜ਼ਰ ਆ ਰਹੇ ਹਨ, ਉਥੇ ਹੀ ਉਨ੍ਹਾਂ ਦੀ ਇੱਕ ਫੋਟੋ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਰਵਨੀਤ ਬਿੱਟੂ ਨੇ ਵੜਿੰਗ ‘ਤੇ ਬਾਹਰੀ ਅਤੇ ਪੈਰਾਸ਼ੂਟ ਉਮੀਦਵਾਰ ਹੋਣ ਦੇ ਦੋਸ਼ ਲਾਏ ਹਨ, ਉਥੇ ਹੀ ਵੜਿੰਗ ਬਿੱਟੂ ਨੂੰ ਕਾਂਗਰਸ ਪਾਰਟੀ ਦਾ ਗੱਦਾਰ ਹੋਣ ਦੀ ਗੱਲ ਵੀ ਕਹਿ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਚੋਣ ਮੈਦਾਨ ਵਿੱਚ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਇੱਕ ਦੂਜੇ ਦੇ ਵਿਰੋਧੀ ਹਨ ਅਤੇ ਚੋਣ ਮੰਚ ਤੋਂ ਸਿਆਸੀ ਹਮਲੇ ਕਰ ਰਹੇ ਹਨ ਪਰ ਇੱਕ ਧਾਰਮਿਕ ਪ੍ਰੋਗਰਾਮ ‘ਚ ਉਨ੍ਹਾਂ ਦੀਆਂ ਜੱਫੀਆਂ ਪਾਉਣ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ।ਇਸ ਤੋਂ ਇਲਾਵਾ ਮਸਤੀ ਕਰਦੇ ਹੋਏ ਫੋਟੋਸ਼ੂਟ ਅਤੇ ਇਕ-ਦੂਜੇ ਨਾਲ ਧਾਰਮਿਕ ਮੰਚ ‘ਤੇ ਗੱਲਬਾਤ ਵਾਇਰਲ ਹੋਈ ਹੈ, ਜਿਸ ਨੂੰ ਵਿਰੋਧੀ ਪਾਰਟੀਆਂ ਵਲੋਂ ਸੋਸ਼ਲ ਮੀਡੀਆ ‘ਤੇ ਚਲਾਇਆ ਜਾ ਰਿਹਾ ਹੈ।