ਚੰਡੀਗੜ੍ਹ, 06 ਮਈ ,ਬੋਲੇ ਪੰਜਾਬ ਬਿਓਰੋ: ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 301ਵਾਂ ਜਨਮ ਦਿਹਾੜਾ ਰਾਮਗੜ੍ਹੀਆ ਭਵਨ (ਰਜਿ:) ਐੱਸ ਏ ਐੱਸ ਨਗਰ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਉਤਸਾਹ ਪੂਰਵਕ ਮਨਾਇਆ ਗਿਆ। ਇਸ ਮੌਕੇ ‘ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਪ੍ਰਸ਼ੋਤਮ ਸਿੰਘ ਸਾਥੀ, ਇਸਤਰੀ ਸਤਿਸੰਗ ਜੱਥੇ ਦੀਆਂ ਬੀਬੀਆਂ, ਭਾਈ ਪੂਰਨ ਸਿੰਘ ਅੰਮ੍ਰਿਤਸਰ ਵਾਲੇ ਅਤੇ ਸਾਥੀ, ਭਾਈ ਬਲਿਹਾਰ ਸਿੰਘ, ਭਾਈ ਜਸਬੀਰ ਸਿੰਘ ਵਲਟੋਹਾ ਅਤੇ ਸਾਥੀ ਨੇ ਆਪਣੇ ਰਸ ਭਿੰਨੇ ਕੀਰਤਨ, ਕਥਾ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਜਸਵੰਤ ਸਿੰਘ ਭੁੱਲਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕਰਨ ਤੇ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਅਤੇੋ ਇਤਿਹਾਸ ਤੇ ਚਾਨਣਾ ਪਾਉਂਦਿਆਂ ਹੋਇਆਂ ਸੰਗਤਾਂ ਨੂੰ ਉਨਾਂ ਦੇ ਜੀਵਨ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ। ਜਸਵੰਤ ਸਿੰਘ ਭੁੱਲਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਅੱਗੇ ਮੰਗ ਰੱਖੀ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਜੋ ਰਾਮਗੜ੍ਹੀਆ ਬੁੰਗਾ ਹੈ ਉਸ ਦਾ ਰਸਤਾ ਸੰਗਤਾਂ ਵਾਸਤੇ ਪਰਿਕਰਮਾ ਵੱਲ ਖੋਲਿਆ ਜਾਵੇ ਅਤੇ ਉਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ, ਪ੍ਰੋ ਪ੍ਰੇਮ ਸਿੰਘ ਚੰਦੁਮਾਜਰਾ ਨੇ ਕਿਹਾ ਕਿ ਉਹ ਸਾਡੀ ਇਸ ਮੰਗ ਨੂੰ ਜਲਦ ਹੀ ਨਤੀਜਾਬੱਧ ਕਰਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੀਟਿੰਗ ਕਰੇ ਕੇ ਜਲਦ ਤੋਂ ਜਲਦ ਕਾਰਵਾਈ ਕਰਵਾਉਣਗੇ।