ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਜਲੰਧਰ ਵਿਖੇ ਕਨਵੈਨਸ਼ਨ ਅੱਜ

ਪੰਜਾਬ

ਲੋਕ ਸਭਾ ਚੋਣਾਂ ਦੇ ਸਨਮੁੱਖ ਅਗਲੀ ਰਣਨੀਤੀ ਅਤੇ ਮੰਗਾਂ ਦੀ ਪ੍ਰਾਪਤੀ ਲਈ ਅਗਲੇ ਸੰਘਰਸ਼ ਦਾ ਕੀਤਾ ਜਾਵੇਗਾ ਐਲਾਨ – ਸਾਂਝਾ ਫਰੰਟ ।


ਜਲੰਧਰ 04 ਮਈ ,ਬੋਲੇ ਪੰਜਾਬ ਬਿਓਰੋ: ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਕਨਵੀਨਰਜ਼ ਸਤੀਸ਼ ਰਾਣਾ , ਜਰਮਨਜੀਤ ਸਿੰਘ,ਸਵਿਦੰਰਪਾਲ ਸਿੰਘ ਮੋਲੋਵਾਲੀ , ਕਰਮ ਸਿੰਘ ਧਨੋਆ , ਰਤਨ ਸਿੰਘ ਮਜਾਰੀ ,ਰਣਜੀਤ ਸਿੰਘ ਰਾਣਵਾ , ਭਜਨ ਸਿੰਘ ਗਿਲ, ਗਗਨਦੀਪ ਸਿੰਘ ਭੁੱਲਰ , ਸੁਖਦੇਵ ਸਿੰਘ ਸੈਣੀ , ਬਾਜ ਸਿੰਘ ਖਹਿਰਾ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁਲਾਜ਼ਮਾ ਤੇ ਪੈਨਸ਼ਨਰਾ ਵੱਲੋ ” ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ” ਦੇ ਬੈਨਰ ਥੱਲੇ 05 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਦੀਆਂ ਸਮੁੱਚੀਆ ਤਿਆਰੀਆਂ ਮੁਕਮਲ ਕਰ ਲਈਆਂ ਗਈਆਂ ਹਨ । ਆਗੂਆਂ ਆਖਿਆ ਕਿ ਇਹ ਕਨਵੈਨਸ਼ਨ ਠੀਕ ਸਵੇਰੇ 11.00 ਵਜੇ ਸ਼ੁਰੂ ਹੋਵੇਗੀ ਅਤੇ ਇਸ ਕਨਵੈਨਸ਼ਨ ਵਿੱਚ ਜਿੱਥੇ ਮੁਲਾਜ਼ਮਾ ਤੇ ਪੈਨਸ਼ਨਰਾ ਦੇ ਮੁਦਿਆ ਤੇ ਚਰਚਾ ਹੋਵੇਗੀ ਉੱਥੇ ਇਸ ਕਨਵੈਨਸ਼ਨ ਵਿੱਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ । ਆਗੂਆਂ ਆਖਿਆ ਕਿ ਇੱਕ ਪਾਸੇ ਕੇਂਦਰ ਦੀ ਤਾਨਾਸ਼ਾਹ ਸਰਕਾਰ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟਾ ਦੀ ਝੋਲੀ ਪਾਕੇ ਖਾਤਮ ਕਰ ਰਹੀ ਹੈ , ਨਿਜੀਕਰਨ ਤੇ ਨਿਗਮੀਕਰਨ ਨੂੰ ਲਗਾਤਾਰ ਬੜਾਵਾ ਦੇ ਰਹੀ ਹੈ , ਸਮਾਜਿਕ ਸੁਰੱਖਿਆ ਖਤਮ ਕਰ ਦਿੱਤੀ ਹੈ ਜਿਸ ਦੇ ਤਹਿਤ ਪੈਨਸ਼ਨ ਫੰਡ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ ਐਕਟ ਨੂੰ ਖਤਮ ਕਰਨ ਲਈ ਤਿਆਰ ਨਹੀਂ ਹੈ, ਕਿਰਤੀਆਂ ਦੇ ਹੱਕ ਵਿੱਚ ਬਣੇ ਮਾਮੂਲੀ ਕਿਰਤ ਕਾਨੂੰਨਾਂ ਦਾ ਖਾਤਮਾ ਕਰਕੇ ਕਿਰਤੀਆਂ ਨੂੰ ਬੰਧੂਆ ਮਜ਼ਦੂਰ ਬਣਾ ਰਹੀ ਹੈ, ਜਿਸ ਦੇ ਤਹਿਤ ਕੇਂਦਰੀ ਸਕੀਮਾ ਅਧੀਨ ਰੁਜ਼ਗਾਰ ਦੇ ਨਾਂ ਤੇ ਲਗਾਤਾਰ ਸ਼ੋਸ਼ਣ ਕਰ ਰਹੀ ਹੈ , ਇਥੋਂ ਤੱਕ ਕਿ ਲੋਕਤੰਤਰ ਦਾ ਘਾਣ ਕਰਕੇ ਜਮਹੂਰੀ ਹੱਕ ਖੋਹੇ ਜਾ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਮੁਲਾਜ਼ਮਾ ਤੇ ਪੈਨਸ਼ਨਰਾ ਪ੍ਰਤੀ ਅਪਣੇ ਫਰਵਰੀ 2022 ਦੇ ਚੋਣ ਵਾਅਦਿਆਂ ਤੋਂ ਭੱਜ ਚੁਕੀ ਹੈ । ਇਸ ਸਰਕਾਰ ਵਲੋਂ ਮੁਲਾਜ਼ਮਾ ਤੇ ਪੈਨਸ਼ਨਰਾ ਦੀਆਂ ਮੰਗਾ ਦਾ ਨਿਪਟਾਰਾ ਤਾਂ ਦੂਰ ਦੀ ਗੱਲ ਰਹੀ , ਇਹ ਝੂਠੀ ਤੇ ਬੇਈਮਾਨ ਸਰਕਾਰ ਹੁਣ ਗੱਲਬਾਤ ਤੋਂ ਵੀ ਭਗੋੜੀ ਹੋ ਚੁਕੀ ਹੈ । ਇਹ ਸਰਕਾਰ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਕਰਕੇ ਭੱਜ ਗਈ ਹੈ , ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦੀ ਜੋ ਪਾਲਸੀ ਬਣਾਈ ਗਈ ਹੈ ਉਹ ਅੱਜ ਤੱਕ ਦੇ ਇਤਿਹਾਸ ਦੀ ਸਭ ਤੋਂ ਮਾੜੀ ਪਾਲਸੀ ਹੈ , ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾ ਦੇ ਬਾਵਜੂਦ ਪੈਨਸ਼ਨ ਦੁਹਰਾਈ 2.59 ਗੁਣਾਂਕ ਨਾਲ ਨਹੀਂ ਕੀਤੀ ਗਈ , ਭੱਤਿਆਂ ਵਿੱਚ ਵਾਧਾ ਕਰਨ ਦੀ ਬਜਾਏ ਬੰਦ ਕਰ ਦਿੱਤੇ ਗਏ , ਤਨਖਾਹ ਕਮਿਸ਼ਨ ਦਾ ਕੋਈ ਬਕਾਇਆ ਨਹੀਂ ਦਿੱਤਾ ਗਿਆ , ਮਾਣ ਭੱਤਾ / ਇਨਸੈਂਟਿਵ ਮੁਲਾਜ਼ਮਾ ਦੇ ਭੱਤੇ ਦੋ ਗੁਣਾਂ ਕਰਨ ਦਾ ਐਲਾਨ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ , ਪ੍ਰੋਵੇਸ਼ਨਲ ਸਮੇਂ ਦੋਰਾਨ ਪੂਰੀ ਤਨਖਾਹ ਭੱਤੇਆਂ ਸਮੇਤ ਦੇਣ ਸਬੰਧੀ ਕੋਰਟ ਦੇ ਫੈਸਲੇ ਨੂੰ ਸਰਕਾਰ ਵੱਲੋਂ ਲਾਗੂ ਕਰਨ ਦੀ ਥਾਂ ਅਗਲੀ ਅਦਾਲਤ ਵਿੱਚ ਚੁਣੋਤੀ ਦੇ ਦਿੱਤੀ ਗਈ ਹੈ , ਕੇਂਦਰੀ ਤਨਖਾਹ ਸਕੇਲ ਜਬਰੀ ਥੋਪੇ ਜਾ ਰਹੇ ਹਨ ਅਤੇ ਕੁੱਝ ਦੇਣ ਦੀ ਥਾਂ ਵਿਕਾਸ ਟੈਕਸ ਦੇ ਨਾਮ ਤੇ 200/- ਰੁਪਏ ਮਹੀਨਾ ਜਬਰੀ ਜਜ਼ੀਆ ਇਕਲੇ ਮੁਲਾਜ਼ਮ ਤੋਂ ਹੀ ਨਹੀਂ ਹੁਣ ਪੈਨਸ਼ਨਰਾ ਤੋਂ ਵੀ ਵਸੂਲਣਾ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਮਹਿਗਾਈ ਭੱਤਾ ਕੇਂਦਰ ਨਾਲੋਂ ਡੀ ਲਿੰਕ ਕਰਕੇ ਰੱਖ ਦਿੱਤਾ ਗਿਆ ਹੈ ਅਤੇ ਅੱਜ ਤੱਕ ਪੇ ਕਮਿਸ਼ਨ ਦੀ ਦੂਜੇ ਹਿਸੇ ਦੀ ਰਿਪੋਰਟ ਜਿਸਦੇ ਤਹਿਤ ਮੁਲਾਜ਼ਮ ਨੂੰ ਏ.ਸੀ.ਪੀ. ਦਾ ਲਾਭ ਮਿਲਣਾ ਹੈ ਸਰਕਾਰ ਦੇਣ ਨੂੰ ਤਿਆਰ ਨਹੀਂ ਹੈ । ਆਗੂਆਂ ਆਖਿਆ ਕਿ ਹੁਣ ਇਸ ਕਨਵੈਨਸ਼ਨ ਦੋਰਾਨ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਜਿਥੇ ਲੋਕ ਸਭਾ ਚੋਣਾਂ ਦੇ ਸਨਮੁੱਖ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਉਥੇ ਮੰਗਾ ਦੀ ਪ੍ਰਾਪਤੀ ਲਈ ਅਗਲੇ ਸੰਘਰਸ਼ਾ ਦਾ ਐਲਾਨ ਕੀਤਾ ਜਾਵੇਗਾ । ਇਸ ਮੌਕੇ ਸਾਂਝਾ ਫਰੰਟ ਦੇ ਆਗੂ ਰਾਧੇ ਸ਼ਾਮ ,ਕਰਮਜੀਤ ਸਿੰਘ ਬੀਹਲਾ, ਜਸਵੀਰ ਤਲਵਾੜਾ , ਸੁੱਖਜੀਤ ਸਿੰਘ , ਪ੍ਰੇਮ ਚਾਵਲਾ , ਐਨ.ਕੇ.ਕਲਸੀ.,ਦਿਗਵਿਜੇ ਪਾਲ ਸ਼ਰਮਾ ਤੇ ਹੋਰ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *