ਨਵੀਂ ਦਿੱਲੀ : 03 ਮਈ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਾਏਬਰੇਲੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ, ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਬਰਟ ਵਾਡਰਾ ਵੀ ਮੌਜੂਦ ਸਨ। ਭਾਜਪਾ ਨੇ ਰਾਏਬਰੇਲੀ ਲੋਕ ਸਭਾ ਸੀਟ ਤੋਂ ਦਿਨੇਸ਼ ਪ੍ਰਤਾਪ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਦਿਨੇਸ਼ ਪ੍ਰਤਾਪ ਨੇ ਵੀ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।
ਰਾਏਬਰੇਲੀ ਲੋਕ ਸਭਾ ਸੀਟ ਗਾਂਧੀ ਪਰਿਵਾਰ ਦੀ ਰਵਾਇਤੀ ਸੀਟ ਰਹੀ ਹੈ। ਫਿਰੋਜ਼ ਗਾਂਧੀ ਨੇ ਪਹਿਲੀ ਵਾਰ 1952 (ਅਤੇ ਫਿਰ 1958 ਵਿਚ ਵੀ) ਚੋਣਾਂ ਲੜੀਆਂ ਅਤੇ ਜਿੱਤੀਆਂ। ਫਿਰੋਜ਼ ਗਾਂਧੀ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਨੇ 1967 ਵਿੱਚ ਇੱਥੋਂ ਆਪਣੀ ਸਿਆਸੀ ਪਾਰੀ ਸ਼ੁਰੂ ਕੀਤੀ। 2004 ਵਿੱਚ, ਇੰਦਰਾ ਗਾਂਧੀ ਦੀ ਨੂੰਹ ਸੋਨੀਆ ਗਾਂਧੀ ਨੇ ਚੋਣ ਲੜੀ ਅਤੇ ਪੰਜ ਵਾਰ ਸੰਸਦ ਮੈਂਬਰ ਚੁਣੀ ਗਈ। ਹੁਣ ਸੋਨੀਆ ਗਾਂਧੀ ਦੇ ਪੁੱਤਰ ਰਾਹੁਲ ਗਾਂਧੀ ਇਸ ਵਿਰਾਸਤ ਨੂੰ ਸੰਭਾਲਣ ਜਾ ਰਹੇ ਹਨ। ਪਿਛਲੀ ਵਾਰ ਭਾਜਪਾ ਨੇ 1998 ਵਿੱਚ ਇੱਥੇ ਜਿੱਤ ਹਾਸਲ ਕੀਤੀ ਸੀ, ਜਦੋਂ ਅਸ਼ੋਕ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਸੀ।