ਪਾਇਲ, 3 ਮਈ, ਬੋਲੇ ਪੰਜਾਬ ਬਿਉਰੋ :
ਟਿੱਪਰ ਐਸੋਸੀਏਸ਼ਨ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਸੋਮਾਸਰ ਟਿੱਪਰ ਐਸੋਸੀਏਸ਼ਨ ਸਾਹਨੇਵਾਲ ਨੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਉਨ੍ਹਾਂ ਦੇ ਡਰਾਇਵਰ ਗੁਰਜਿੰਦਰ ਸਿੰਘ ਨਿੱਕਾ ਅਤੇ ਏ.ਪੀ. ਜੱਲਾ ਦੇ ਖਿਲਾਫ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਹਨ।
ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਹੈ… ਬੇਨਤੀ ਹੈ ਕਿ ਅਸੀ ਸੋਮਾਸਰ ਟਿੱਪਰ ਐਸੋਸੀਏਸ਼ਨ ਸਾਹਨੇਵਾਲ ਤਹਿਸੀਲ ਲੁਧਿਆਣਾ ਦੇ ਮੈਂਬਰ ਹਾਂ ਅਤੇ ਅਸੀ ਮਿੱਟੀ ਪੁੱਟਣ ਦਾ ਕਾਰੋਬਾਰ ਕਰਦੇ ਹਾਂ। ਜਮੀਨ ਮਾਲਕ ਤੋਂ ਅਸੀ ਮਿੱਟੀ ਮੁੱਲ ਲੈਂਦੇ ਹਾਂ ਅਤੇ ਘਰ ਵਿੱਚ ਭਰਤ ਪਾ ਕੇ ਆਪਣਾ ਕਾਰੋਬਾਰ ਕਰਦੇ ਹਾਂ।ਪਾਲਿਸੀ ਨਾ ਹੋਣ ਕਰਕੇ ਮੰਨਜੂਰੀ ਸਾਨੂੰ ਮਿਲਦੀ ਨਹੀ। ਉਸ ਦੀ ਆੜ ਵਿੱਚ ਐਮ.ਐਲ.ਏ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਇਸ ਦਾ ਡਰਾਇਵਰ ਗੁਰਜਿੰਦਰ ਸਿੰਘ ਨਿੱਕਾ ਅਤੇ ਏ.ਪੀ. ਜੱਲਾ ਸਾਡੇ ਪਾਸੋਂ 1,50,000 ਰੁਪਏ ਪ੍ਰਤੀ ਕਿਲੇ ਦੇ ਹਿਸਾਬ ਨਾਲ ਰਿਸ਼ਵਤ ਲੈਂਦੇ ਹਨ।
ਐਮ.ਐਲ.ਏ. ਮਨਵਿੰਦਰ ਸਿੰਘ ਗਿਆਸਪੁਰਾ ਸਾਡੇ ਮਸ਼ੀਨਾਂ ਵਾਲੇ ਵਿਅਕਤੀਆਂ ਤੋਂ ਤਕਰੀਬਨ 1 ਕਰੋੜ ਰੁਪਏ ਇੱਕਠਾ ਕਰ ਚੁੱਕਿਆ ਹੈ। ਜਿਹੜੀ ਮਨਜੂਰੀ ਭੱਠਾ ਮਾਲਕ ਨੂੰ ਮਿੱਟੀ ਚੁੱਕਣ ਲਈ ਮਿਲਦੀ ਹੈ, ਉਸ ਦਾ ਵੀ 1,50,000 ਰੁਪਏ ਪ੍ਰਤੀ ਕਿੱਲਾ ਲੈਂਦਾ ਹੈ। ਜੇਕਰ ਕੋਈ ਰਕਮ ਨਹੀ ਦਿੰਦਾ ਤਾਂ ਪੁਲਿਸ ਭੇਜ ਦਿੰਦਾ ਹੈ ਅਤੇ ਗੱਡੀਆਂ ਤੇ ਮਸ਼ੀਨਾਂ ਫੜ ਕੇ ਥਾਣੇ ਵਿੱਚ ਖੜੀਆਂ ਕਰਵਾ ਦਿੱਤਾ ਹੈ ਅਤੇ ਸਾਡਾ ਕੰਮ ਬੰਦ ਹੋ ਜਾਦਾ ਹੈ।
ਉਧਰ ਇਸ ਮਾਮਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਖਿਲਾਫ ਕਾਰਵਾਈ ਮੰਗ ਕੀਤੀ ਹੈ।
ਇਸ ਸੰਬੰਧੀ ਜਦੋਂ ਪੱਖ ਜਾਨਣ ਲਈ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ।