ਅਰਸ਼ ਡੱਲਾ ਗੈਂਗ ਦੇ 4 ਗੈਂਗਸਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਚੰਡੀਗੜ੍ਹ ਪੰਜਾਬ


ਸ੍ਰੀ ਮੁਕਤਸਰ ਸਾਹਿਬ, 3 ਮਈ,ਬੋਲੇ ਪੰਜਾਬ ਬਿਓਰੋ:
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਅਰਸ਼ ਡੱਲਾ ਗੈਂਗ ਦੇ 4 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੁਖੀ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਜ਼ਬਰ-ਜਨਾਹ ਦੇ ਮਾਮਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਗੈਂਗਸਟਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਅਰਸ਼ ਡੱਲਾ ਗਰੋਹ ਵੱਲੋਂ ਇੱਕ ਵਿਅਕਤੀ ਨੂੰ ਫੋਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਇਸ ਸਬੰਧੀ ਸੂਚਨਾ ਮਿਲਣ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 72 ਮਿਤੀ 26/04/2024 ਅ/ਧ 387,506 ਹਿ: ਧਾਮ: ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ ਕੀਤਾ ਗਿਆ।
ਜ਼ਿਲ੍ਹਾ ਪੁਲੀਸ ਨੇ ਦੋਸ਼ੀਆਂ ਨੂੰ ਫੜਨ ਲਈ ਤੁਰੰਤ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲੀਸ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ। ਜਿਸ ਕਾਰਨ ਪੁਲਿਸ ਨੇ ਅਰਸ਼ ਡੱਲਾ ਗੈਂਗ ਦੇ ਫਿਰੌਤੀ ਮੰਗਣ ਵਾਲਿਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਇਨ੍ਹਾਂ ਦੀ ਪਛਾਣ ਹਿਮਾਂਸ਼ੂ ਸੇਖੋਂ ਪੁੱਤਰ ਰਾਜਵਿੰਦਰ ਸਿੰਘ ਵਾਸੀ ਮਲੋਟ ਰੋਡ ਮੁਕਤਸਰ ਸਾਹਿਬ, ਹਰਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜਲਾਲਾਬਾਦ ਰੋਡ ਮੁਕਤਸਰ ਸਾਹਿਬ ਅਤੇ ਗੁਰਪਿਆਰ ਸਿੰਘ ਉਰਫ ਬਲਜੋਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਗੋਨਿਆਣਾ ਰੋਡ ਮੁਕਤਸਰ ਸਾਹਿਬ ਵਜੋਂ ਹੋਈ ਹੈ। ਇਸ ਤੋਂ ਇਲਾਵਾ ਇਸ ਘਟਨਾ ਵਿੱਚ ਇੱਕ ਹੋਰ ਨੌਜਵਾਨ ਵੀ ਸ਼ਾਮਲ ਹੈ।
ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਿਮਾਂਸ਼ੂ ਸੇਖੋਂ ਅਤੇ ਉਸ ਦਾ ਨਾਬਾਲਗ ਸਾਥੀ ਉਕਤ ਮਾਮਲੇ ਦੇ ਮੁਦਈ ਦੇ ਘਰ ਦੇ ਫ਼ੋਨ ਨੰਬਰਾਂ ਅਤੇ ਹਰਕਤਾਂ ਬਾਰੇ ਸਾਰੀ ਜਾਣਕਾਰੀ ਹਰਮਨਦੀਪ ਸਿੰਘ ਨੂੰ ਦਿੰਦੇ ਸਨ, ਜਿਸ ਦਾ ਸਿੱਧਾ ਸਬੰਧ ਗੈਂਗਸਟਰ ਅਰਸ਼ ਡੱਲਾ ਨਾਲ ਹੈ। ਇਸੇ ਤਰ੍ਹਾਂ ਗੁਰਪਿਆਰ ਸਿੰਘ ਉਕਤ ਸ਼ਹਿਰ ਦੇ ਮਸ਼ਹੂਰ ਵਿਅਕਤੀਆਂ ਦੇ ਵੇਰਵੇ ਹਰਮਨਦੀਪ ਸਿੰਘ ਨੂੰ ਭੇਜਦਾ ਸੀ, ਜੋ ਬਦਲੇ ਵਿੱਚ ਇਹ ਵੇਰਵੇ ਅਰਸ਼ ਡੱਲਾ ਨੂੰ ਭੇਜਦਾ ਸੀ, ਸਬੰਧਤ ਵਿਅਕਤੀਆਂ ਨੂੰ ਡਰਾ ਧਮਕਾ ਕੇ ਉਨ੍ਹਾਂ ਤੋਂ ਫਿਰੌਤੀ ਦੀ ਮੰਗ ਕਰਦਾ ਸੀ। ਤਫ਼ਤੀਸ਼ ਦੌਰਾਨ ਉਕਤ ਹਰਮਨਦੀਪ ਸਿੰਘ ਪਾਸੋਂ ਇੱਕ ਮੋਬਾਈਲ ਫ਼ੋਨ, .32 ਬੋਰ ਦਾ ਪਿਸਤੌਲ (ਦੇਸੀ) ਅਤੇ 4 ਜਿੰਦਾ ਰੌਂਦ ਬਰਾਮਦ ਹੋਏ ਹਨ, ਜਿਸ ਰਾਹੀਂ ਉਹ ਅਰਸ਼ ਡੱਲਾ ਨਾਲ ਗੱਲਬਾਤ ਕਰਦਾ ਸੀ।

Leave a Reply

Your email address will not be published. Required fields are marked *