ਚੰਡੀਗੜ੍ਹ, 2 ਮਈ,ਬੋਲੇ ਪੰਜਾਬ ਬਿਓਰੋ:
ਪੰਜਾਬ ਨੇ ਅਪ੍ਰੈਲ ਮਹੀਨੇ ਵਿਚ 2796 ਕਰੋੜ ਰੁਪਏ ਜੀਐਸਟੀ ਵਸੂਲ ਕਰਕੇ ਨਵਾਂ ਰਿਕਾਰਡ ਬਣਾਇਆ ਹੈ। 2017 ਵਿੱਚ ਜੀਐਸਟੀ ਲਾਗੂ ਹੋਣ ਤੋਂ ਬਾਅਦ ਪੰਜਾਬ ਵਿਚ ਇਹ ਸਭ ਤੋਂ ਵੱਡਾ ਜੀਐਸਟੀ ਕੁਲੈਕਸ਼ਨ ਹੈ।ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵੱਲੋਂ ਅਪ੍ਰੈਲ 2023 ਦੇ ਮੁਕਾਬਲੇ ਜੀਐਸਟੀ ਕੁਲੈਕਸ਼ਨ ਵਿੱਚ 21 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਕੇਂਦਰ ਸਰਕਾਰ ਨਾਲ ਸਮਝੌਤਾ ਹੋਣ ਤੋਂ ਬਾਅਦ ਵੀ ਪੰਜਾਬ ਦਾ ਐਸਜੀਐਸਟੀ ਕੁਲੈਕਸ਼ਨ 2216 ਕਰੋੜ ਰੁਪਏ ਰਿਹਾ ਹੈ, ਜੋ ਪਿਛਲੇ ਸਾਲ ਅਪਰੈਲ ਨਾਲੋਂ 6 ਫੀਸਦੀ ਵੱਧ ਹੈ। ਪੰਜਾਬ ਨੇ ਅਪ੍ਰੈਲ ਮਹੀਨੇ ‘ਚ ਵਾਧੇ ਦੇ ਮਾਮਲੇ ‘ਚ ਗੁਆਂਢੀ ਸੂਬੇ ਹਰਿਆਣਾ ਦੀ ਬਰਾਬਰੀ ਕਰ ਲਈ ਹੈ। ਹਾਲਾਂਕਿ, ਹਰਿਆਣਾ ਨੇ ਇਸ ਸਾਲ ਅਪ੍ਰੈਲ ‘ਚ 21 ਫੀਸਦੀ ਦੇ ਵਾਧੇ ਨਾਲ 12168 ਕਰੋੜ ਰੁਪਏ ਦਾ ਜੀਐੱਸਟੀ ਇਕੱਠਾ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਇਹ ਸਿਰਫ 10,035 ਕਰੋੜ ਰੁਪਏ ਸੀ।
ਜੇਕਰ ਪੰਜਾਬ ਨੂੰ ਇਸ ਸਾਲ 2500 ਕਰੋੜ ਰੁਪਏ ਪ੍ਰਤੀ ਮਹੀਨਾ ਜੀਐਸਟੀ ਮਿਲਦਾ ਹੈ ਤਾਂ ਸਾਲ ਦੇ ਅੰਤ ਤੱਕ ਪੰਜਾਬ 30 ਹਜ਼ਾਰ ਕਰੋੜ ਰੁਪਏ ਦੇ ਜੀਐਸਟੀ ਕੁਲੈਕਸ਼ਨ ਦੇ ਅੰਕੜੇ ਨੂੰ ਛੂਹ ਸਕਦਾ ਹੈ। ਪਿਛਲੇ ਸਾਲਾਂ ਵਿੱਚ ਇਹ ਅੰਕੜਾ 15 ਤੋਂ 20 ਹਜ਼ਾਰ ਕਰੋੜ ਰੁਪਏ ਦੇ ਵਿਚਕਾਰ ਰਿਹਾ ਹੈ।