ਚੰਡੀਗੜ੍ਹ, 1 ਮਈ, ਬੋਲੇ ਪੰਜਾਬ ਬਿਓਰੋ:
ਮਨੀ ਲਾਂਡਰਿੰਗ ਮਾਮਲੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੀਅਲ ਅਸਟੇਟ ਸੈਕਟਰ ਦੀ ਕੰਪਨੀ ਮਾਹਿਰਾ ਹੋਮਜ਼ ਦੇ ਡਾਇਰੈਕਟਰ ਸਿਕੰਦਰ ਸਿੰਘ ਛੋਕਰ ਨੂੰ ਗ੍ਰਿਫਤਾਰ ਕੀਤਾ ਹੈ। ਸਿਕੰਦਰ ਸਿੰਘ ਛੋਕਰ ਸਮਾਲਖਾ, ਪਾਣੀਪਤ ਤੋਂ ਕਾਂਗਰਸੀ ਵਿਧਾਇਕ ਅਤੇ ਕੰਪਨੀ ਦੇ ਮਾਲਕ ਧਰਮ ਸਿੰਘ ਛੋਕਰ ਦੇ ਪੁੱਤਰ ਹਨ। ਮਾਹਿਰਾ ਹੋਮਜ਼ ਵੱਲੋਂ ਸੈਕਟਰ-68 ਸਥਿਤ ਇਸ ਪ੍ਰਾਜੈਕਟ ਵਿੱਚ 1497 ਅਲਾਟੀਆਂ ਤੋਂ ਕਰੀਬ 360 ਕਰੋੜ ਰੁਪਏ ਵਸੂਲੇ ਗਏ ਸਨ ਪਰ ਕੰਪਨੀ ਅਲਾਟੀਆਂ ਨੂੰ ਉਨ੍ਹਾਂ ਦੇ ਫਲੈਟਾਂ ਦਾ ਕਬਜ਼ਾ ਦੇਣ ਵਿੱਚ ਅਸਫਲ ਰਹੀ।
12 ਅਪ੍ਰੈਲ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ‘ਤੇ ਈਡੀ ਨੇ ਆਪਣੇ ਦਫ਼ਤਰ ‘ਚ ਧਰਮ ਸਿੰਘ ਛੋਕਰ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਸੀ। ਸਿਕੰਦਰ ਸਿੰਘ ਛੋਕਰ ‘ਤੇ ਅਲਾਟੀਆਂ ਦੇ ਪੈਸੇ ਦੀ ਦੁਰਵਰਤੋਂ ਅਤੇ ਹੇਰਾਫੇਰੀ ਦਾ ਦੋਸ਼ ਹੈ।