ਸੰਵਿਧਾਨ ਨੂੰ ਬਦਲਣ ਦੀਆਂ ਸਾਜ਼ਿਸ਼ਾਂ ਘੜ ਰਹੀ ਤਾਨਾਸ਼ਾਹ ਬੀਜੇਪੀ ਨੂੰ ਹਰਾਉਣਾ ਜ਼ਰੂਰੀ – ਏਕਟੂ
ਮਜਦੂਰ ਆਗੂ ਨੂੰ ਜਾਤੀਵਾਦੀ ਗਾਲਾਂ ਦੇਣਾ ਵਾਲੇ ਆੜਤੀਏ ਦੀ ਗ੍ਰਿਫਤਾਰੀ ਮੰਗੀ
ਮਾਨਸਾ, 1 ਮਈ 2024,ਬੋਲੇ ਪੰਜਾਬ ਬਿਓਰੋ:
ਮਜਦੂਰ ਦਿਵਸ ਮੌਕੇ ਅੱਜ ਇਥੇ ਆਲ ਇੰਡੀਆ ਸੈਂਟਰਲ ਕੌਂਸਿਲ ਆਫ ਟਰੇਡ ਯੂਨੀਅਨਜ਼ (ਏਕਟੂ) ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਇਕ ਭਰਵੀਂ ਤਾਨਾਸ਼ਾਹੀ ਵਿਰੋਧੀ ਮਜ਼ਦੂਰ ਕਿਸਾਨ ਕਨਵੈਨਸ਼ਨ ਕੀਤੀ ਗਈ ।
ਮਜਦੂਰ ਆਗੂਆਂ ਬਲਵਿੰਦਰ ਕੌਰ ਵੈਰਾਗੀ, ਜੀਤ ਸਿੰਘ ਬੋਹਾ, ਮਿਸਤਰੀ ਕਰਨੈਲ ਸਿੰਘ, ਪਰਸ਼ੋਤਮ, ਬਿੰਦਰ ਕੌਰ ਉੱਡਤ, ਸੱਤ ਪਾਲ ਭੈਣੀ, ਜਰਨੈਲ ਸਿੰਘ, ਕਰਨੈਲ ਸਿੰਘ ਮਾਨਸਾ, ਸੋਨੂੰ ਸਿੰਘ, ਬਲਵਿੰਦਰ ਕੌਰ ਭੈਣੀ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ ਇਸ ਕਨਵੈਨਸ਼ਨ ਨੂੰ ਲਿਬਰੇਸ਼ਨ ਆਗੂ ਰਾਜਵਿੰਦਰ ਸਿੰਘ ਰਾਣਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕੇਂਦਰੀ ਇੰਚਾਰਜ ਕਾਮਰੇਡ ਪਰਸ਼ੋਤਮ ਸ਼ਰਮਾ ਅਤੇ ਮਜ਼ਦੂਰ ਮੁਕਤੀ ਮੋਰਚੇ ਦੇ ਸੂਬਾਈ ਆਗੂ ਵਿਜੇ ਕੁਮਾਰ ਭੀਖੀ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਮੋਰਚੇ ਦੇ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾਂ ਨੇ ਕੀਤਾ।
ਬੁਲਾਰਿਆਂ ਨੇ ਮਈ ਦਿਵਸ ਦੇ ਸੰਗਰਾਮੀ ਇਤਿਹਾਸ ਬਾਰੇ ਦਸਦਿਆਂ ਮਜ਼ਦੂਰਾਂ ਨੂੰ ਚੌਕਸ ਕੀਤਾ ਕਿ ਤੀਜੀ ਵਾਰ ਚੋਣਾਂ ਜਿੱਤ ਕੇ ਦੇਸ਼ ਵਿਚ ਅਪਣੀ ਮੁਕੰਮਲ ਤਾਨਾਸ਼ਾਹੀ ਕਾਇਮ ਕਰਨ ਲਈ ਬੀਜੇਪੀ ਫਿਰਕੂ ਜਾਤੀਵਾਦੀ ਪ੍ਰਚਾਰ ਤੇ ਪੈਸੇ ਦੇ ਬਲ ‘ਤੇ ਮਜ਼ਦੂਰ ਵਰਗ ਨੂੰ ਅਪਣੇ ਪੱਖ ਵਿਚ ਖਿੱਚਣ ਦੀਆਂ ਤਿਕੜਮਾਂ ਕਰ ਰਹੀ ਹੈ। ਪਰ ਲੋਕਤੰਤਰ, ਸੰਵਿਧਾਨ ਤੇ ਕਮਜ਼ੋਰ ਤਬਕਿਆਂ ਨੂੰ ਮਿਲਦੀਆਂ ਮੁੱਢਲੀਆਂ ਸਹੂਲਤਾਂ ਨੂੰ ਬਚਾਉਣ ਲਈ ਮੋਦੀ ਤੇ ਬੀਜੇਪੀ ਨੂੰ ਕਰਾਰੀ ਹਾਰ ਦਿੱਤੀ ਜਾਣੀ ਜ਼ਰੂਰੀ ਹੈ। ਕਨਵੈਨਸ਼ਨ ਵਿਚ ਕਾਮਰੇਡ ਨਛੱਤਰ ਸਿੰਘ ਖੀਵਾ, ਸੁਖਦਰਸ਼ਨ ਸਿੰਘ ਨੱਤ, ਗੁਰਮੀਤ ਸਿੰਘ ਨੰਦਗੜ੍ਹ, ਜਸਬੀਰ ਕੌਰ ਨੱਤ, ਸੁਰਿੰਦਰ ਪਾਲ ਸ਼ਰਮਾ, ਗੁਰਸੇਵਕ ਮਾਨ, ਆਇਸਾ ਆਗੂ ਸੁਖਜੀਤ ਰਾਮਾਨੰਦੀ, ਕੁਲਵੰਤ ਖੋਖਰ, ਕ੍ਰਿਸ਼ਨਾ ਕੌਰ, ਇਨਕਲਾਬੀ ਨੌਜਵਾਨ ਸਭਾ ਦੇ ਗਗਨਦੀਪ ਸਿਰਸੀਵਾਲਾ, ਛੱਜੂ ਸਿੰਘ ਦਿਆਲਪੁਰਾ, ਭੋਲਾ ਸਿੰਘ ਸਮਾਓ ਵੀ ਹਾਜ਼ਰ ਸਨ।
ਕਨਵੈਨਸ਼ਨ ਵਲੋਂ ਪਾਸ ਕੀਤੇ ਮਤਿਆਂ ਵਿਚ ਮੰਗ ਕੀਤੀ ਗਈ ਕਿ ਦਿਹਾੜੀ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕੀਤਾ ਗਿਆ ਹੈ, ਉਹ ਘਟਾ ਕੇ ਛੇ ਘੰਟੇ ਕੀਤਾ ਜਾਵੇ। ਕੇਂਦਰੀ ਟਰੇਡ ਯੂਨੀਅਨਾਂ ਦੀ ਮੰਗ ਮੁਤਾਬਿਕ ਗੈਰ ਹੁਨਰਮੰਦ ਮਜ਼ਦੂਰਾਂ ਦੀ ਘੱਟੋ ਘੱਟ ਉਜਰਤ 30,000 ਰੁਪਏ ਨੀਯਤ ਕੀਤੀ ਜਾਵੇ ਅਤੇ ਇਸ ਨੂੰ ਕੀਮਤ ਸੂਚਕ ਅੰਕ ਨਾਲ ਜੋੜਿਆ ਜਾਵੇ, ਤਾਂ ਜ਼ੋ ਮਹਿੰਗਾਈ ਵਿਚ ਹੋਣ ਵਾਲੇ ਵਾਧੇ ਦੇ ਨਾਲ ਉਜਰਤ ਵਿਚ ਵੀ ਅਪਣੇ ਆਪ ਵਾਧਾ ਹੁੰਦਾ ਜਾਵੇ । ਹਰੇਕ ਵਿਅਕਤੀ ਲਈ ਵਿਦਿਆ ਤੇ ਇਲਾਜ ਪੂਰੀ ਤਰ੍ਹਾਂ ਮੁਫ਼ਤ ਹੋਵੇ। 60 ਸਾਲ ਦੀ ਉਮਰ ਹੋਣ ‘ਤੇ ਸਾਰੇ ਮਜ਼ਦੂਰਾਂ ਕਿਸਾਨਾਂ ਨੂੰ ਦਸ ਹਜ਼ਾਰ ਰੁਪਏ ਮਹੀਨਾ ਬੁਢਾਪਾ ਪੈਨਸ਼ਨ ਦਿੱਤੀ ਜਾਵੇ।
ਇਕ ਵਿਸ਼ੇਸ਼ ਮਤੇ ਰਾਹੀਂ ਮਾਨਸਾ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਕਾਮਰੇਡ ਤਰਸੇਮ ਸਿੰਘ ਖਾਲਸਾ ਨੂੰ ਉਸ ਦੀ ਜਾਤ ਤੇ ਧਾਰਮਿਕ ਪਹਿਰਾਵੇ ਬਾਰੇ ਗਾਲਾਂ ਦੇਣ ਤੇ ਅਪਮਾਨਤ ਕਰਨ ਵਾਲੇ ਬਰੇਟਾ ਮੰਡੀ ਦੇ ਇਕ ਹੰਕਾਰੇ ਆੜਤੀਏ ਖ਼ਿਲਾਫ਼ ਐਸਸੀ ਐਸਟੀ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ।