ਨਵੀਂ ਦਿੱਲੀ, 1 ਮਈ, ਬੋਲੇ ਪੰਜਾਬ ਬਿਓਰੋ:
ਦਿੱਲੀ-ਐਨਸੀਆਰ ਦੇ ਕਈ ਸਕੂਲਾਂ ਨੂੰ ਧਮਕੀ ਭਰੀ ਈਮੇਲ ਮਿਲੀ ਹੈ, ਜਿਸ ਵਿੱਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਕਰੀਬ 11 ਸਕੂਲਾਂ ‘ਚ ਬੰਬ ਦੀ ਧਮਕੀ ਮਿਲੀ ਹੈ। ਜਿਸ ਵਿੱਚ ਡੀ.ਪੀ.ਐਸ., ਐਮੀਟੀ, ਮਦਰ ਮੈਰੀ ਸਕੂਲ ਸਮੇਤ ਕਈ ਵੱਡੇ ਸਕੂਲ ਸ਼ਾਮਿਲ ਹਨ।
ਦਿੱਲੀ ਦੇ ਦਵਾਰਕਾ ਸਥਿਤ ਦਿੱਲੀ ਪਬਲਿਕ ਸਕੂਲ (ਡੀਪੀਐਸ) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੂਰਬੀ ਦਿੱਲੀ ਦੇ ਮਯੂਰ ਵਿਹਾਰ ਵਿੱਚ ਮਦਰ ਮੈਰੀ ਸਕੂਲ ਵਿੱਚ ਵੀ ਬੰਬ ਦੀ ਧਮਕੀ ਮਿਲੀ ਹੈ। ਇਸ ਦੇ ਨਾਲ ਹੀ ਪੁਸ਼ਪ ਵਿਹਾਰ ਸਥਿਤ ਸੰਸਕ੍ਰਿਤੀ ਸਕੂਲ ਅਤੇ ਐਮਿਟੀ ਸਕੂਲ ਨੂੰ ਵੀ ਈਮੇਲ ਰਾਹੀਂ ਧਮਕੀ ਦਿੱਤੀ ਗਈ ਹੈ। ਛਾਵਲਾ ਦੇ ਸੇਂਟ ਥਾਮਸ, ਸਰਿਤਾ ਵਿਹਾਰ ਦੇ ਜੀਡੀ ਗੋਇਨਕਾ, ਬਾਬਾ ਹਰੀਦਾਸ ਨਗਰ ਦੇ ਐਵਰਗਰੀਨ ਪਬਲਿਕ ਸਕੂਲ ਅਤੇ ਦਵਾਰਕਾ ਦੇ ਸਚਦੇਵਾ ਗਲੋਬਲ ਸਕੂਲ ਨੂੰ ਵੀ ਧਮਕੀਆਂ ਮਿਲੀਆਂ ਹਨ।
ਦਿੱਲੀ ਤੋਂ ਇਲਾਵਾ ਨੋਇਡਾ ਦੇ ਦਿੱਲੀ ਪਬਲਿਕ ਸਕੂਲ ਨੂੰ ਵੀ ਧਮਕੀ ਭਰੀ ਈਮੇਲ ਮਿਲੀ ਹੈ। ਜਿਸ ਤੋਂ ਬਾਅਦ ਪੁਲਿਸ ਅਤੇ ਸਕੂਲ ਪ੍ਰਸ਼ਾਸਨ ਅਲਰਟ ਹੋ ਗਿਆ। ਬੱਚਿਆਂ ਨੂੰ ਸਾਵਧਾਨੀ ਵਜੋਂ ਸਕੂਲਾਂ ‘ਚੋਂ ਬਾਹਰ ਕੱਢਿਆ ਗਿਆ ਹੈ। ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਜਿੱਥੇ ਧਮਕੀਆਂ ਮਿਲੀਆਂ ਹਨ। ਪੁਲਿਸ, ਬੰਬ ਸਕੁਐਡ, ਡਾਗ ਸਕੁਐਡ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਏ ਹਨ।