ਲੁਧਿਆਣਾ, 1 ਮਈ,ਬੋਲੇ ਪੰਜਾਬ ਬਿਓਰੋ:
ਜ਼ਿਲਾ ਟਾਸਕ ਫੋਰਸ ਦੀ ਟੀਮ ਵਲੋਂ ਕਾਕੋਵਾਲ ਰੋਡ ‘ਤੇ ਸਥਿਤ ਰੈਡੀਮੇਡ ਗਾਰਮੈਂਟ ਫੈਕਟਰੀ ‘ਤੇ ਛਾਪਾ ਮਾਰ ਕੇ 9 ਬੱਚਿਆਂ ਨੂੰ ਬਾਲ ਮਜ਼ਦੂਰੀ ਦੀ ਗ੍ਰਿਫ਼ਤ ‘ਚੋਂ ਛੁਡਵਾਇਆ ਗਿਆ। ਬੱਚਿਆਂ ਵਿੱਚੋਂ 8 ਬਿਹਾਰ ਅਤੇ ਇੱਕ ਨੇਪਾਲ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਸ਼ਿਕਾਇਤਕਰਤਾ ਯਾਦਵਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਮਨੁੱਖੀ ਤਸਕਰੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਯਾਦਵਿੰਦਰ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਵੱਲੋਂ ਮਹਿਲਾ ਸਮਾਜਿਕ ਸੁਰੱਖਿਆ ਅਤੇ ਬਾਲ ਅਧਿਕਾਰ ਵਿਭਾਗ ਦੇ ਡਾਇਰੈਕਟਰ ਅਤੇ ਬਚਪਨ ਬਚਾਓ ਅੰਦੋਲਨ ਨੂੰ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਉਪਰੋਕਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਕੋਵਾਲ ਰੋਡ ’ਤੇ ਸਥਿਤ ਅਰਮਾਨ ਗਾਰਮੈਂਟਸ ਨਾਮ ਦੀ ਫੈਕਟਰੀ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ ਰੇਡ ਦੌਰਾਨ 20 ਤੋਂ ਵੱਧ ਬਾਲ ਮਜ਼ਦੂਰ ਹੋਣ ਦਾ ਖੁਲਾਸਾ ਹੋਇਆ ਸੀ ਪਰ ਇਸ ਦੌਰਾਨ ਅੱਜ ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਫੈਕਟਰੀ ਦੇ ਮਾਲਕ ਦੁਆਰਾ 10 ਬੱਚਿਆਂ ਨੂੰ ਭਜਾ ਦਿੱਤਾ ਗਿਆ।
ਇਸ ਦੇ ਨਾਲ ਹੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਛੁਡਵਾਏ ਗਏ ਕੁੱਲ 9 ਬਾਲ ਮਜ਼ਦੂਰਾਂ ਵਿੱਚੋਂ ਸਭ ਤੋਂ ਛੋਟੇ ਬੱਚੇ ਦੀ ਉਮਰ 8 ਸਾਲ ਦੇ ਕਰੀਬ ਹੈ।
ਇਸ ਮੌਕੇ ਰਸ਼ਮੀ ਸੈਣੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਡਿਪਟੀ ਡਾਇਰੈਕਟਰ ਫੈਕਟਰੀ ਦਵਾਰਕਾ ਦਾਸ, ਲੇਬਰ ਇੰਸਪੈਕਟਰ ਰਮਨਦੀਪ ਸ਼ਰਮਾ, ਮੋਬੀਨ ਕੁਰੈਸ਼ੀ ਬਾਲ ਸੁਰੱਖਿਆ ਅਫ਼ਸਰ, ਯਾਦਵਿੰਦਰ ਸਿੰਘ ਪੰਜਾਬ ਕੋਆਰਡੀਨੇਟਰ ਬਚਪਨ ਬਚਾਓ ਅੰਦੋਲਨ ਟੀਮ, ਸੰਦੀਪ ਸਿੰਘ ਬੀ.ਬੀ. ਏ-ਟੀਮ, ਜਿਸ ਵਿਚ ਮਨੁੱਖੀ ਤਸਕਰੀ ਵਿਰੋਧੀ ਪੁਲਿਸ ਦਸਤੇ ਦੇ ਨੌਜਵਾਨ ਸ਼ਾਮਲ ਸਨ।