ਚੰਡੀਗੜ੍ਹ, 30 ਅਪ੍ਰੈਲ, ਬੋਲੇ ਪੰਜਾਬ ਬਿਉਰੋ: ਦੇਸ਼ ਭਰ ਵਿਚ ਹੀਟਵੇਵ ਅਲਰਟ (Heatwave Alert in India) ਦੇ ਵਿਚਕਾਰ ਕੁਝ ਰਾਜਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੁਝ ਥਾਵਾਂ ‘ਤੇ ਸਕੂਲਾਂ ਦਾ ਸਮਾਂ ਬਦਲਣ ਦੇ ਨੋਟਿਸ ਵੀ ਜਾਰੀ ਕੀਤੇ ਗਏ ਹਨ।
ਪੰਜਾਬ ਦੀ ਗੱਲ ਕਰੀਏ ਤਾਂ ਇਥੇ ਆਮ ਕਰਕੇ ਮਈ ਦੇ ਅਖੀਰ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਨੇ ਪਿਛਲੇ ਸਾਲ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸਾਲ 1 ਜੂਨ 2023 ਤੋਂ 2 ਜੁਲਾਈ 2023 ਤੱਕ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਸਨ। ਹਾਲਾਂਕਿ ਇਸ ਵਾਰ ਅਪ੍ਰੈਲ ਵਿਚ ਹੀ ਗਰਮੀ ਨੇ ਵੱਟ ਕੱਢ ਦਿੱਤੇ ਹਨ ਅਤੇ ਮਈ ਇਸ ਤੋਂ ਵੀ ਵੱਧ ਤਪਣ ਵਾਲਾ ਹੈ। ਇਸ ਲਈ ਪੰਜਾਬ ਵਿਚ 23 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ।
ਹਰਿਆਣਾ ਸਿੱਖਿਆ ਵਿਭਾਗ ਨੇ ਵਧਦੀ ਗਰਮੀ ਦੇ ਮੱਦੇਨਜ਼ਰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਵਿਭਾਗ ਨੇ ਹਦਾਇਤ ਕੀਤੀ ਹੈ ਕਿ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਧੁੱਪ ’ਚ ਨਾ ਬੈਠਣ ਦਿੱਤਾ ਜਾਵੇ। ਇਸ ਦੇ ਨਾਲ ਹੀ ਕੋਈ ਵੀ ਪ੍ਰੋਗਰਾਮ ਨਾ ਰੱਖਿਆ ਜਾਵੇ ਅਤੇ ਹਰੇਕ ਘੰਟੇ ਬਾਅਦ ਬੱਚਿਆਂ ਨੂੰ ਪਾਣੀ ਪੀਣ ਦਾ ਸਮਾਂ ਦੇਣ ਵਾਸਤੇ ਘੰਟੀ ਵਜਾਈ ਜਾਵੇ। ਜੇਕਰ ਕਿਸੇ ਸਕੂਲ ਵਿਚ ਹੁਕਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ।