ਢਾਈ ਹਜ਼ਾਰ ਤੋਂ ਵੱਧ ਔਰਤਾਂ ਖਿਲਾਫ ਘਿਨਾਉਣੇ ਅਪਰਾਧਾਂ ਕਰਨ ਵਾਲੇ ਭਗੌੜੇ ਮੁਜਰਿਮ ਲਈ ਵੋਟਾਂ ਮੰਗਣ ਬਦਲੇ ਇਸਤਰੀ ਸਭਾ ਨੇ ਸਾੜਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ

ਪੰਜਾਬ

ਇਸ ਗੁਨਾਹ ਲਈ ਮੋਦੀ ਦੇਸ਼ ਦੀਆਂ ਸਮੂਹ ਔਰਤਾਂ ਤੋਂ ਮਾਫ਼ੀ ਮੰਗਣ – ਏਪਵਾ

ਮਾਨਸਾ, 30 ਅਪ੍ਰੈਲ ,ਬੋਲੇ ਪੰਜਾਬ ਬਿਓਰੋ:
ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਨੇ ਢਾਈ ਹਜ਼ਾਰ ਤੋਂ ਵੱਧ ਔਰਤਾਂ ਨਾਲ ਰੇਪ ਤੇ ਹੋਰ ਕੁਕਰਮ ਕਰਨ ਵਾਲੇ ਐਨਡੀਏ ਦੇ ਇਕ ਅਤ ਘਿਨਾਉਣੇ ਉਮੀਦਵਾਰ ਪ੍ਰਜਵਲ ਰੇਵੰਨਾ ਲਈ ਚੋਣ ਪ੍ਰਚਾਰ ਕਰਨ ਬਦਲੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ ਅਤੇ ਮੰਗ ਕੀਤੀ ਕਿ ਜੇਕਰ ਪ੍ਰਧਾਨ ਮੰਤਰੀ ਵਿਚ ਨੈਤਿਕਤਾ ਦਾ ਕੋਈ ਅੰਸ਼ ਬਾਕੀ ਹੈ, ਤਾਂ ਉਹ ਆਪਣੇ ਇਸ ਬੱਜਰ ਗੁਨਾਹ ਲਈ ਦੇਸ਼ ਦੀਆਂ ਸਮੂਹ ਔਰਤਾਂ ਤੋਂ ਮੀਡੀਏ ਸਾਹਮਣੇ ਆ ਕੇ ਮਾਫੀ ਮੰਗਣ।
ਅੱਜ ਇਥੇ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਦਿਆਂ ਏਪਵਾ ਆਗੂਆਂ ਜਸਬੀਰ ਕੌਰ ਨੱਤ ਅਤੇ ਬਲਵਿੰਦਰ ਕੌਰ ਵੈਰਾਗੀ ਨੇ ਸੁਆਲ ਉਠਾਇਆ ਕਿ ਇਹ ਹੋ ਹੀ ਨਹੀਂ ਸਕਦਾ ਕਿ ਆਪਣੀਆਂ ਖੁਫੀਆ ਏਜੰਸੀਆਂ ਰਾਹੀਂ ਪੂਰੇ ਦੇਸ਼ ਅਤੇ ਸੰਸਾਰ ਦੀ ਹਰ ਛੋਟੀ ਵੱਡੀ ਘਟਨਾ ਉਤੇ ਤਿੱਖੀ ਨਜ਼ਰ ਰੱਖਣ ਵਾਲੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਹਾਸਨ ਲੋਕ ਸਭਾ ਹਲਕੇ ਤੋਂ ਅਪਣੇ ਸਹਿਯੋਗੀ ਦਲ ਜੇਡੀ(ਐਸ) ਦੇ ਸਿਟਿੰਗ ਐਮ ਪੀ ਤੇ ਮੌਜੂਦਾ ਉਮੀਦਵਾਰ ਪ੍ਰਜਵਲ ਰੇਵੰਨਾ ਦੀਆਂ ਹਜ਼ਾਰਾਂ ਘਿਨਾਉਣੀਆਂ ਕਰਤੂਤਾਂ ਬਾਰੇ ਕੋਈ ਜਾਣਕਾਰੀ ਨਾ ਹੋਵੇ। ਮੀਡੀਆ ਰਿਪੋਰਟਾਂ ਅਨੁਸਾਰ ਤਾਂ ਖੁਦ ਬੀਜੇਪੀ ਦੇ ਜ਼ਿਲਾ ਪ੍ਰਧਾਨ ਨੇ ਬੀਤੇ ਸਾਲ ਪਾਰਟੀ ਲੀਡਰਸ਼ਿਪ ਨੂੰ ਲਿਖੀ ਚਿੱਠੀ ਵਿਚ ਇਸ ਵਿਗੜੀ ਮਾਨਸਿਕਤਾ ਵਾਲੇ ਬੰਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਸੀ, ਪਰ ਤੀਜੀ ਵਾਰ ਸਤਾ ਵਿਚ ਆਉਣ ਦੇ ਲਾਲਚ ਵਿਚ ਉਸ ਦੇ ਸਭ ਅਮਾਨਵੀ ਕੁਕਰਮਾਂ ਨੂੰ ਨਜ਼ਰ ਅੰਦਾਜ਼ ਕਰਕੇ 14 ਅਪ੍ਰੈਲ ਨੂੰ ਮੋਦੀ ਨੇ ਇਸ ਉਮੀਦਵਾਰ ਲਈ ਵੋਟਾਂ ਮੰਗਦਿਆਂ ਹੁੱਬ ਕੇ ਕਿਹਾ ਸੀ – ‘ਪ੍ਰਜਵਲ ਕੋ ਪੜੀ ਹਰ ਵੋਟ, ਮੋਦੀ ਕੋ ਮਜ਼ਬੂਤ ਕਰੇਗੀ।’ ਜਦੋਂ ਕਿ ਅਪਣੇ ਘਰ ਕੰਮ ਕਰਦੀ ਔਰਤ ਵਲੋਂ ਉਸ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਵਾਉਣ ਦੀ ਭਿਣਕ ਪੈਂਦਿਆਂ ਹੀ, ਮੋਦੀ ਜੀ ਦਾ ਇਹ ਰੱਥਵਾਨ ਝੱਟ ਦੇਸ਼ ਛੱਡ ਕੇ ਜਿਵੇਂ ਜਰਮਨ ਜਾ ਪੁੱਜਾ, ਉਹ ਵੀ ਕੇਂਦਰ ਸਰਕਾਰ ਦੀ ਮਿਲੀਭੁਗਤ ਤੋਂ ਬਗੈਰ ਸੰਭਵ ਨਹੀਂ ਹੈ।
ਏਪਵਾ ਨੇ ਕਰਨਾਟਕ ਸਰਕਾਰ ਅਤੇ ਨਿਆਂ ਪਾਲਿਕਾ ਤੋਂ ਇਹ ਵੀ ਮੰਗ ਕੀਤੀ ਹੈ ਕਿ ਇਸ ਘਿਨਾਉਣੇ ਮੁਜਰਿਮ ਨੂੰ ਜਲਦੀ ਦੇਸ਼ ਵਾਪਸ ਲਿਆਂ ਜਾਵੇ ਅਤੇ ਜ਼ਿੰਦਗੀ ਭਰ ਲਈ ਕੈਦ ਦੀ ਅਜਿਹੀ ਸਖ਼ਤ ਸਜ਼ਾ ਸੁਣਾਈ ਜਾਵੇ, ਜੋ ਔਰਤਾਂ ਖ਼ਿਲਾਫ਼ ਜੁਰਮ ਕਰਨ ਵਾਲੇ ਅਪਰਾਧੀਆਂ ਲਈ ਇਕ ਉਦਾਹਰਨ ਬਣ ਜਾਵੇ। ਇਸ ਮੌਕੇ ਨਿਰਮਲਾ, ਗੁਰਮੇਲ ਕੌਰ ਤੇ ਹੋਰ ਔਰਤਾਂ ਹਾਜ਼ਰ ਸਨ।

Leave a Reply

Your email address will not be published. Required fields are marked *