ਚੰਡੀਗੜ੍ਹ, 29 ਅਪ੍ਰੈਲ, ਬੋਲੇ ਪੰਜਾਬ ਬਿਉਰੋ: 30 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 12:30 ਵਜੇ ਤਿਹਾੜ ਜੇਲ੍ਹ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣਗੇ। ਕਾਬਿਲੇਗੌਰ ਹੈ ਕਿ ਈਡੀ ਨੇ 21 ਮਾਰਚ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ। ਪੂਰੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਇਸ ਗ੍ਰਿਫਤਾਰੀ ਦਾ ਵਿਰੋਧ ਜ਼ਾਹਿਰ ਕੀਤਾ ਸੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੀਐਮ ਭਗਵੰਤ ਮਾਨ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ।
ਮੀਟਿੰਗ ਦਾ ਸਮਾਂ ਦੁਪਹਿਰ ਦਾ ਮਿੱਥਿਆ ਗਿਆ ਹੈ। ਦੂਜੀ ਵਾਰ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲਣਗੇ।
ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਇਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲਣ ਦਿੱਲੀ ਦੀ ਤਿਹਾੜ ਜੇਲ੍ਹ ਪਹੁੰਚੇ ਸਨ ਤਾਂ ਅਰਵਿੰਦ ਕੇਜਰੀਵਾਲ ਨੂੰ ਅਪਰਾਧੀ ਦਾ ਪਹਿਰਾਵਾ ਪਹਿਨ ਕੇ ਭਗਵੰਤ ਮਾਨ ਨੂੰ ਮਿਲਣ ਦਿੱਤਾ ਗਿਆ ਸੀ।
ਦੋਵਾਂ ਦੀ ਮੁਲਾਕਾਤ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਕੇਜਰੀਵਾਲ ਨੂੰ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਵੇਂ ਉਹ ਕੋਈ ਅਪਰਾਧੀ ਹੋਵੇ। ਸਾਡੀ ਮੁਲਾਕਾਤ ਦੌਰਾਨ ਵਿਚਕਾਰ ਸ਼ੀਸ਼ੇ ਦੀ ਕੰਧ ਲਗਾਈ ਗਈ ਸੀ।