ਨਵਾਂਸ਼ਹਿਰ, 28 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਦੀ ਪ੍ਰਧਾਨਗੀ ਹੇਠ ਲੰਗੜੋਆ ਵਿਖੇ ਹੋਈ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਪਣੀ ਚਿਰਾਂ ਤੋਂ ਲਟਕਦੀ ਆ ਰਹੀ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪੋਸਟਰ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੀ ਸ਼ੁਰੂਆਤ ਬਲਾਕ ਨਵਾਂ ਸ਼ਹਿਰ ਤੋਂ ਕੀਤੀ ਗਈ ਹੈ। ਪ੍ਰੈਸ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਕਨਵੀਨਰ ਗੁਰਦਿਆਲ ਮਾਨ ਅਤੇ ਕੋ ਕਨਵੀਨਰ ਰਮਨ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਾਰੀਆਂ ਹੀ ਪਾਰਟੀਆਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਝਾਂਸਾ ਦੇ ਕੇ ਮੁਲਾਜ਼ਮ ਵਰਗ ਦੀਆਂ ਵੋਟਾਂ ਵਟੋਰਦੀਆਂ ਆ ਰਹੀਆਂ ਹਨ ਪਰ ਮੁਲਾਜ਼ਮਾਂ ਨੂੰ ਸਿਆਸੀ ਟਿੱਚਰਾਂ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੋਇਆ ਹੈ। ਸਰਕਾਰਾਂ ਬਿਲਕੁਲ ਚੁੱਪ ਹਨ।ਮੁਲਾਜ਼ਮ ਖਾਲੀ ਹੱਥ ਰਿਟਾਇਰ ਹੋ ਰਹੇ ਹਨ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਸਿਰਫ ਤੇ ਸਿਰਫ ਲਾਰੇ ਤੇ ਫੋਕੇ ਨੋਟੀਫਿਕੇਸ਼ਨ ਹੀ ਮਿਲੇ ਹਨ।
ਦੂਜੇ ਪਾਸੇ ਸੈਂਟਰ ਸਰਕਾਰ ਵੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣ ਨੂੰ ਪਾਪ ਕਹਿ ਰਹੀ ਹੈ। ਸੈਂਟਰ ਦੀ ਮੋਦੀ ਸਰਕਾਰ ਨਾ ਹੀ ਆਪ ਮੁਲਾਜ਼ਮਾਂ ਬਾਰੇ ਕੁਝ ਕਰ ਰਹੀ ਸਗੋਂ ਉਲਟਾਂ ਸਟੇਟ ਸਰਕਾਰਾਂ ਨੂੰ ਪੈਨਸ਼ਨ ਦੇਣ ਤੋ ਰੋਕਣ ਦਾ ਕੰਮ ਕਰ ਰਹੀ ਹੈ। ਅਜਿਹਾ ਵਰਤਾਰਾ ਸਹਿਣਯੋਗ ਨਹੀਂ ਹੈ। ਜਿਸ ਨੂੰ ਲ਼ੈ ਕੇ ਮੁਲਾਜ਼ਮਾਂ ਨੇ ਪੋਸਟਰ ਵੰਡ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਉਹੀ ਪਾਰਟੀ ਦਾ ਉਮੀਦਵਾਰ ਹੀ ਮੁਲਾਜ਼ਮ ਦੇ ਘਰ ਵੋਟਾਂ ਮੰਗਣ ਆਵੇ ਜੋ ਉਹਨਾਂ ਦੀ ਖੋਹੀ ਗਈ ਪੁਰਾਣੀ ਪੈਨਸ਼ਨ ਬਹਾਲ ਕਰਵਾ ਸਕਦਾ ਹੋਵੇ। ਇਸ ਦੇ ਨਾਲ ਹੀ ਮੁਲਾਜ਼ਮਾਂ ਨੇ ਆਪਣੇ ਘਰਾਂ ਅੱਗੇ ਪੋਸਟਰ ਲਗਾ ਕੇ ਵੋਟਾਂ ਮੰਗਣ ਆਏ ਉਮੀਦਵਾਰਾਂ ਨੂੰ ਤਿੱਖੇ ਸਵਾਲਾਂ ਨਾਲ ਘੇਰਨ ਦਾ ਫੈਸਲਾ ਕੀਤਾ ਹੈ। ਅਜਿਹਾ ਕਰਕੇ ਮੁਲਾਜ਼ਮ ਆਪਣੀ ਹੱਕੀ ਤੇ ਜਾਇਜ਼ ਮੰਗ ਨੂੰ ਪਾਰਟੀ ਨੁਮਾਇੰਦਿਆਂ ਸਾਹਮਣੇ ਪ੍ਰਦਰਸ਼ਿਤ ਕਰਨਗੇ ਤਾਂ ਜੋ ਆਉਂਣ ਵਾਲੇ ਸਮੇਂ ਵਿੱਚ ਉਹਨਾਂ ਦੀ ਇਹ ਜ਼ਰੂਰੀ ਮੰਗ ਤੇ ਗੌਰ ਬਣੀ ਰਹੇ ਤੇ ਮੁਲਾਜ਼ਮਾਂ ਦਾ ਬੁਢਾਪਾ ਸੁਰੱਖਿਅਤ ਹੋ ਸਕੇ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਪੂਰੇ ਪੰਜਾਬ ਅੰਦਰ ਆਰੰਭੀ ਗਈ ਹੈ,ਹੁਣ ਜ਼ਿਲ੍ਹੇ ਦੇ ਐਨ ਪੀ ਐਸ ਤੋਂ ਪੀੜਤ ਮੁਲਾਜ਼ਮ ਵੀ ਇਸ ਮੁਹਿੰਮ ਦਾ ਹਿੱਸਾ ਬਨਣਗੇ।