ਮੁੰਬਈ , 28 ਅਪ੍ਰੈਲ ਬੋਲੇ ਪੰਜਾਬ ਬਿਉਰੋ: ਪੁਲਿਸ ਨੇ ਮੁੰਬਈ ਦੇ ਬਾਂਦਰਾ ਇਲਾਕੇ ‘ਚ ਅਭਿਨੇਤਾ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਬਾਹਰ ਗੋਲੀਬਾਰੀ ਕਰਨ ਵਾਲੇ ਸਾਰੇ ਦੋਸ਼ੀਆਂ ‘ਤੇ ਮਕੋਕਾ ਐਕਟ ਲਗਾਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਬਿਸ਼ਨੋਈ ਗੈਂਗ ਦੇ ਦੋ ਸ਼ੂਟਰਾਂ ਵਿੱਕੀ ਗੁਪਤਾ ਅਤੇ ਸਾਗਰ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਸੀ।
ਗੋਲੀਬਾਰੀ ਤੋਂ ਬਾਅਦ ਮੁੰਬਈ ਪੁਲਿਸ ਨੇ ਉਨ੍ਹਾਂ ਦੇ ਸੁਰੱਖਿਆ ਗਾਰਡ ਦੇ ਬਿਆਨ ‘ਤੇ ਆਈਪੀਸੀ ਦੀ ਧਾਰਾ 307 ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਪਰ ਬਾਅਦ ‘ਚ ਇਸ ਮਾਮਲੇ ‘ਚ 3 ਹੋਰ ਨਵੀਆਂ ਧਾਰਾਵਾਂ ਜੋੜ ਦਿੱਤੀਆਂ ਗਈਆਂ ਸਨ, ਜਿਸ ‘ਚ ਭਾਰਤੀ ਦੰਡਾਵਲੀ ਦੀ ਧਾਰਾ 506 ਸੀ (2) (ਧਮਕਾਉਣਾ), 115 (ਉਕਸਾਉਣਾ) ਅਤੇ 201 (ਸਬੂਤ ਨੂੰ ਨਸ਼ਟ ਕਰਨਾ) ਸ਼ਾਮਲ ਹਨ। ਹੁਣ ਪੁਲਿਸ ਨੇ ਮੁਲਜ਼ਮਾਂ ’ਤੇ ਮਕੋਕਾ ਵੀ ਲਗਾ ਦਿੱਤਾ ਹੈ। ਇਸ ਮਾਮਲੇ ‘ਚ ਅਨਮੋਲ ਬਿਸ਼ਨੋਈ ਦੇ ਖਿਲਾਫ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਹੈ।
ਮਹਾਰਾਸ਼ਟਰ ਸਰਕਾਰ ਨੇ 1999 ਵਿੱਚ ਮਕੋਕਾ ਕਾਨੂੰਨ ਬਣਾਇਆ ਸੀ। ਇਸ ਕਾਨੂੰਨ ਨੂੰ ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ ਕਿਹਾ ਜਾਂਦਾ ਹੈ। ਮਹਾਰਾਸ਼ਟਰ ਸਰਕਾਰ ਨੇ ਸੰਗਠਿਤ ਅਤੇ ਅੰਤਰਰਾਸ਼ਟਰੀ ਅਪਰਾਧ ਨੂੰ ਖਤਮ ਕਰਨ ਲਈ ਇਸ ਨੂੰ ਲਿਆਂਦਾ ਸੀ। ਇਹ ਕਾਨੂੰਨ ਦਿੱਲੀ ਅਤੇ ਮਹਾਰਾਸ਼ਟਰ ਵਿੱਚ ਲਾਗੂ ਹੈ। ਮਕੋਕਾ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ, ਜਦੋਂ ਤੱਕ ਪੂਰੀ ਜਾਂਚ ਨਹੀਂ ਹੋ ਜਾਂਦੀ, ਦੋਸ਼ੀ ਨੂੰ ਜ਼ਮਾਨਤ ਨਹੀਂ ਮਿਲ ਸਕਦੀ। ਅਜਿਹੇ ਕਾਨੂੰਨ ਕਈ ਰਾਜਾਂ ਵਿੱਚ ਵੀ ਬਣਾਏ ਗਏ ਹਨ। ਉਦਾਹਰਣ ਵਜੋਂ, ਯੂਪੀਕੋਕਾ ਕਾਨੂੰਨ ਉੱਤਰ ਪ੍ਰਦੇਸ਼ ਵਿੱਚ ਅਪਰਾਧ ਨੂੰ ਰੋਕਣ ਲਈ ਬਣਾਇਆ ਗਿਆ ਹੈ।