ਮਾਨਸਾ, 28 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਐਸਐਸਪੀ ਮਾਨਸਾ ਤੋਂ ਮੰਗ ਕੀਤੀ ਹੈ ਕਿ ਗੱਲਾ ਮਜ਼ਦੂਰਾਂ ਦੇ ਸੀਜ਼ਨ ਦੇ ਪੈਸਾ ਮਾਰਨ ਵਾਲੇ ਅਤੇ ਮਜ਼ਦੂਰ ਆਗੂ ਤਰਸੇਮ ਸਿੰਘ ਖਾਲਸਾ ਖਿਲਾਫ ਉਸ ਦੀ ਜਾਤੀ ਅਤੇ ਧਾਰਮਿਕ ਅਕੀਦੇ ਬਾਰੇ ਅਪਸ਼ਬਦ ਬੋਲ ਕੇ ਅਪਮਾਨਤ ਕਰਨ ਵਾਲੇ ਬਰੇਟਾ ਮੰਡੀ ਦੇ ਆੜਤੀਏ ਜਤਿੰਦਰ ਗਰਗ ਖਿਲਾਫ਼ ਐਸਸੀ- ਐਸਟੀ ਵਧੀਕੀਆਂ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ ਅਤੇ ਉਸ ਤੋਂ ਗਰੀਬ ਪ੍ਰਵਾਸੀ ਮਜ਼ਦੂਰਾਂ ਦੀ ਉਜਰਤ ਦੀ ਅਦਾਇਗੀ ਕਰਵਾਈ ਜਾਵੇ।
ਲਿਬਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਜ਼ਿਲਾ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ ਵਲੋਂ ਇਥੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅਪਣੇ ਲੇਬਰ ਦੇ ਇਕ ਜਮਾਂਦਾਰ ਨਾਲ ਲੈਣ ਦੇਣ ਦੇ ਵਿਵਾਦ ਦੀ ਆੜ ਵਿਚ ਉਕਤ ਆੜਤੀਆ ਅਪਣੀ ਫਰਮ ‘ਤੇ ਪੂਰਾ ਸੀਜ਼ਨ ਜਿਨਸ ਨੂੰ ਝਾਰਨ ਤੇ ਸਾਫ਼ ਸਫ਼ਾਈ ਦਾ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੀ ਬਣਦੀ ਉਜਰਤ ਨਹੀਂ ਦੇ ਰਿਹਾ। ਜਦੋਂ ਕਈ ਵਾਰ ਸਿੱਧੇ ਜਾਂ ਸਥਾਨਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਹੋਈ ਗੱਲਬਾਤ ਦੇ ਬਾਵਜੂਦ ਇਸ ਅੜਾਤੀਆ ਨੇ ਉਜਰਤ ਨਹੀਂ ਦਿੱਤੀ, ਤਾਂ ਮਜ਼ਦੂਰਾਂ ਦਾ ਬਣਦਾ ਹੱਕ ਦਿਵਾਉਣ ਲਈ ਮਜ਼ਦੂਰ ਮੁਕਤੀ ਮੋਰਚਾ ਵਲੋਂ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ, ਸੂਬਾਈ ਆਗੂ ਦਰਸ਼ਨ ਸਿੰਘ ਦਾਨੇਵਾਲਾ ਅਤੇ ਸਥਾਨਕ ਜ਼ਿਲਾ ਆਗੂ ਤਰਸੇਮ ਸਿੰਘ ਖਾਲਸਾ ਦੀ ਅਗਵਾਈ ਵਿਚ ਮਜ਼ਦੂਰਾਂ ਨੇ 25 ਅਪ੍ਰੈਲ ਨੂੰ ਪੁਰਾਣੀ ਦਾਣਾ ਮੰਡੀ ਬਰੇਟਾ ਵਿਖੇ ਰੋਸ ਰੈਲੀ ਕੀਤੀ। ਉਸ ਮੌਕੇ ਦੋਸ਼ੀ ਆੜਤੀਏ ਨੇ ਅਪਣੇ ਕੁਝ ਸਮਰਥਕਾਂ ਨੂੰ ਇਕੱਠੇ ਕਰਕੇ ਲਾਊਡ ਸਪੀਕਰ ‘ਤੇ ਤਰਸੇਮ ਸਿੰਘ ਖਾਲਸਾ ਦਾ ਨਾਂ ਲੈ ਕੇ ਉਸ ਦੇ ਸਿੱਖੁ ਪਹਿਰਾਵੇ ਬਾਰੇ ਜਾਤੀ ਸੂਚਕ ਅਪਮਾਨਜਨਕ ਗਾਲਾਂ ਕੱਢੀਆਂ ਅਤੇ ਉਸ ਦਾ ਸਮਾਜਿਕ ਬਾਈਕਾਟ ਕਰਵਾਉਣ ਦਾ ਐਲਾਨ ਵੀ ਕੀਤਾ। ਇਸ ਸਭ ਦੀ ਵੀਡੀਓ ਰਿਕਾਰਡਿੰਗ ਜਥੇਬੰਦੀ ਦੇ ਪਾਸ ਮੌਜੂਦ ਹੈ। ਇਸ ਬਾਰੇ ਉਸੇ ਵਕਤ ਸਥਾਨਕ ਪੁਲਸ ਥਾਣੇ ਵਿਚ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਆੜਤੀਏ ਦੇ ਸੱਤਾਧਾਰੀਆਂ ਨਾਲ ਸਿਆਸੀ ਸਬੰਧ ਹੋਣ ਕਾਰਨ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਬਿਆਨ ਵਿਚ ਕਿਹਾ ਗਿਆ ਹੈ ਕਿ ਜੇਕਰ ਇਕ ਮਜ਼ਦੂਰ ਆਗੂ ਦਾ ਜਾਤੀ ਤੇ ਧਾਰਮਿਕ ਅਪਮਾਨ ਨਾ ਕਰਨ ਵਿਰੂੱਧ ਪੁਲਸ ਵਲੋਂ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਚੋਣ ਜ਼ਾਬਤੇ ਦੇ ਬਾਵਜੂਦ ਇਸ ਵਧੀਕੀਆਂ ਖਿਲਾਫ ਮੋਰਚਾ ਖੋਲ੍ਹਣ ਤੋਂ ਗ਼ੁਰੇਜ਼ ਨਹੀਂ ਕੀਤਾ ਜਾਵੇਗਾ।