ਫ਼ਿਰੋਜ਼ਪੁਰ, 28 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਕੇਂਦਰੀ ਜੇਲ ਫ਼ਿਰੋਜ਼ਪੁਰ ਵਿਚ ਬੀਤੇ ਦਿਨ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਖ-ਵੱਖ ਥਾਵਾਂ ਤੋਂ 7 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਇਸ ਸਬੰਧੀ ਪੁਲਿਸ ਥਾਣਾ ਸਿਟੀ ਫ਼ਿਰੋਜ਼ਪੁਰ ਨੇ ਜੇਲ੍ਹ ਅਧਿਕਾਰੀ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਸਹਾਇਕ ਇੰਸਪੈਕਟਰ ਗੁਰਮੇਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਜਸਵੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਪੁਰਾਣੀ ਬੈਰਕ ਨੰਬਰ 12 ‘ਚ ਜਦੋਂ ਤਲਾਸ਼ੀ ਲਈ ਤਾਂ ਉਥੋਂ 2 ਟੱਚ ਸਕਰੀਨਾਂ ਵਾਲੇ ਵੀਵੋ ਅਤੇ ਓਪੋ ਮੋਬਾਇਲਾਂ ਸਮੇਤ ਸਿਮ ਕਾਰਡ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਬਲਾਕ ਨੰਬਰ 2 ਦੀ ਬੈਰਕ ਨੰਬਰ 2 ਦੀ ਤਲਾਸ਼ੀ ਲਈ ਤਾਂ ਨੋਕੀਆ ਬ੍ਰਾਂਡ ਦਾ 1 ਟੱਚ ਸਕਰੀਨ ਮੋਬਾਈਲ ਬਿਨਾਂ ਸਿਮ ਕਾਰਡ ਅਤੇ 4 ਕੀ-ਪੈਡ ਮੋਬਾਈਲ ਫੋਨ ਲਾਵਾਰਿਸ ਪਏ ਬਰਾਮਦ ਕੀਤੇ। ਮਾਮਲੇ ਦੀ ਜਾਂਚ ਕਰ ਰਹੇ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।