ਅਧਿਆਪਕਾਂ ਨੇ ਗੈਰ ਵਿੱਦਿਅਕ ਕੰਮ ਕਰਵਾਉਣ ਵਿਰੁੱਧ ਰੋਸ ਜਤਾਇਆ

ਐਜੂਕੇਸ਼ਨ ਚੰਡੀਗੜ੍ਹ ਪੰਜਾਬ


ਲੁਧਿਆਣਾ, 27 ਅਪ੍ਰੈਲ ,ਬੋਲੇ ਪੰਜਾਬ ਬਿਓਰੋ: ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਨੇ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਕਰਵਾਉਣ ਦਾ ਸਖਤ ਵਿਰੋਧ ਕੀਤਾ ਹੈ।ਲੁਧਿਆਣਾ ਦੇ ਆਗੂ ਜਗਰੂਪ ਸਿੰਘ ਢਿੱਲੋਂ ਤੇ ਹਰਦੀਪ ਸਿੰਘ ਬਾਹੋਮਾਜਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਰੌਣੀ ਤੇ ਜਨਰਲ ਸਕੱਤਰ ਪਰਮਿੰਦਰ ਚੌਹਾਨ ਦੀ ਅਗਵਾਈ ਵਿੱਚ ਰੋਸ ਪ੍ਰਗਟ ਕੀਤਾ ਗਿਆ ਹੈ। ਜਗਮੋਹਣ ਸਿੰਘ ਘੁਡਾਣੀ, ਸੁਖਪਾਲ ਸਿੰਘ ਧਰੌੜ ਨੇ ਦੱਸਿਆ ਕਿ ਈਟੀਯੂ ਵਲੋਂ ਆਪਣੀਆਂ ਮੰਗਾਂ/ਮਸਲੇ ਹੱਲ ਕਰਵਾਉਣ ਤੇ ਉਨ੍ਹਾਂ ਦੇ ਧਿਆਨ ’ਚ ਲਿਆਉਣ ਲਈ ਪੰਜਾਬ ਦੇ ਸਾਰੇ ਲੋਕ ਸਭਾ ਉਮੀਦਵਾਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।
ਹਰਵਿੰਦਰ ਸਿੰਘ ਹੈਪੀ ਤੇ ਨਿਰਮੈਲ ਸਿੰਘ ਮਹਿੰਦੀਪੁਰ ਨੇ ਦੱਸਿਆ ਕਿ ਮੰਗਾਂ/ਮਸਲਿਆਂ ’ਚ ਪੁਰਾਣੀ ਪੈਂਨਸ਼ਨ ਬਹਾਲ ਕਰਵਾਉਣੀ, ਪੇਂਡੂ ਭੱਤਾ ਤੇ ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਬਹਾਲ ਕਰਵਾਉਣੀਆਂ, ਪੇਅ ਕਮਿਸ਼ਨ ਤਰੁਟੀਆਂ ਦੂਰ ਕਰਕੇ ਪੇਅ ਕਮਿਸ਼ਨ ਦੇ ਬਕਾਏ ਦਿਵਾਉਣੇ, ਬੰਦ ਏਸੀਪੀ ਕੇਸ (4-9-14) ਬਹਾਲ ਕਰਵਾਈ ਜਾਵੇ, 17-7-2020 ਤੋਂ ਬਾਅਦ ਭਰਤੀ ਅਧਿਆਪਕਾਂ ਤੇ ਕੇਂਦਰ ਪੈਟਰਨ ਸਕੇਲ ਬੰਦ ਕਰਕੇ ਪਹਿਲਾ ਵਾਲਾ ਸਕੇਲ ਦਿੱਤਾ ਜਾਵੇ। ਲਹੌਰੀਆ ਨੇ ਦੱਸਿਆ ਕਿ ਪੜ੍ਹਾਈ ਤੋਂ ਇਲਾਵਾ ਅਧਿਆਪਕਾਂ ਕੋਲੋਂ ਲਏ ਜਾ ਰਹੇ ਗੈਰ-ਵਿੱਦਿਅਕ/ਆਨਲਾਈਨ ਕੰਮ ਤੇ ਬੀਐਲਓ ਸਮੇਤ ਹੋਰ ਕੰਮ ਜੋ ਸਿੱਖਿਆ ਦਾ ਨੁਕਸਾਨ ਕਰ ਰਹੇ ਹਨ, ਤੁਰੰਤ ਬੰਦ ਕਰਵਾਏ ਜਾਣ। ਲਹੌਰੀਆ ਨੇ ਸਭ ਲੋਕ ਸਭਾ ਉਮੀਦਵਾਰਾਂ ਤੋਂ ਮੰਗ ਕੀਤੀ ਹੈ ਕਿ ਈਟੀਯੂ ਦੀਆਂ ਉਪਰੋਕਤ ਮੰਗਾਂ/ਮਸਲੇ ਉਹ ਆਪਣੇ ਚੋਣ ਮੈਨੀਫੈਸਟੋ ’ਚ ਸ਼ਾਮਲ ਕਰਨ ਤੇ ਇਨ੍ਹਾਂ ਦਾ ਹੱਲ ਕਰਕੇ ਅਧਿਆਪਕਾਂ ਦੀ ਅਵਾਜ ਬਣਨ। ਅਧਿਆਪਕਾਂ ਨੇ ਸਕੂਲਾਂ ਵਿੱਚ ਵੀ ਰੋਸ ਪਰਗਟ ਕੀਤਾ ਹੈ।

Leave a Reply

Your email address will not be published. Required fields are marked *