ਝੂਠਾ ਤੇ ਜ਼ਹਿਰੀਲਾ ਪ੍ਰਚਾਰ ਕਰਨ ਵਾਲੇ ਸਾਰੇ ਬੁਲਾਰਿਆਂ ਦੇ ਚੋਣ ਪ੍ਰਚਾਰ ਕਰਨ ਉਤੇ ਪਾਬੰਦੀ ਲਾਵੇ ਚੋਣ ਕਮਿਸ਼ਨ – ਲਿਬਰੇਸ਼ਨ
ਮਾਨਸਾ, 26 ਅਪ੍ਰੈਲ ,ਬੋਲੇ ਪੰਜਾਬ ਬਿਓਰੋ:
ਅੱਜ ਇਥੇ ਸਖਤ ਗਰਮੀ ਦੇ ਬਾਵਜੂਦ ਮਹਾਂਰਿਸ਼ੀ ਵਾਲਮੀਕ ਚੌਂਕ ਵਿਖੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਅਗਵਾਈ ਵਿਚ ਵੱਖ ਵੱਖ ਮਜ਼ਦੂਰ ਕਿਸਾਨ, ਸਮਾਜਿਕ ਤੇ ਕਾਰੋਬਾਰੀ ਸੰਗਠਨਾਂ ਵਲੋਂ ਸ਼ਰਮਨਾਕ ਝੂਠਾ ਤੇ ਨਫ਼ਰਤੀ ਪ੍ਰਚਾਰ ਕਰਨ ਦੇ ਵਿਰੋਧ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ ਗਿਆ ਅਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਮੋਦੀ ਸਮੇਤ ਮੁਸਲਿਮ ਭਾਈਚਾਰੇ ਖਿਲਾਫ ਫਿਰਕੂ ਜ਼ਹਿਰ ਫੈਲਾ ਰਹੇ ਬੀਜੇਪੀ ਦੇ ਸਾਰੇ ਪ੍ਰਚਾਰਕਾਂ ਤੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਕਰਨ ‘ਤੇ ਤੁਰੰਤ ਪਾਬੰਦੀ ਲਾਈ ਜਾਵੇ।
ਪੁਤਲਾ ਸਾੜਨ ਤੋਂ ਪਹਿਲਾਂ ਹੋਈ ਰੋਸ ਰੈਲੀ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਆਗੂਆਂ ਕਾਮਰੇਡ ਸੁਖਦਰਸ਼ਨ ਨੱਤ, ਰਾਜਵਿੰਦਰ ਸਿੰਘ ਰਾਣਾ, ਸੁਰਿੰਦਰ ਪਾਲ ਸ਼ਰਮਾ, ਗੁਰਸੇਵਕ ਮਾਨ, ਜਮਹੂਰੀ ਅਧਿਕਾਰ ਸਭਾ ਵਲੋਂ ਐਡਵੋਕੇਟ ਅਜਾਇਬ ਗੁਰੂ, ਜਮਹੂਰੀ ਕਿਸਾਨ ਸਭਾ ਵਲੋਂ ਮੇਜਰ ਸਿੰਘ ਦੁੱਲੋਵਾਲ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਪ੍ਰਧਾਨ ਬਲਵਿੰਦਰ ਘਰਾਂਗਣਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਗੁਰਪ੍ਰਣਾਮ ਦਾਸ, ਪੰਜਾਬ ਮੁਸਲਿਮ ਫਰੰਟ ਵਲੋਂ ਡਾਕਟਰ ਮਹਿਬੂਬ ਖ਼ਾਨ ਤੇ ਜ਼ਿਲਾ ਪ੍ਰਧਾਨ ਰਵੀ ਖਾਨ, ਦੋਧੀ ਯੂਨੀਅਨ ਵਲੋਂ ਸੱਤਪਾਲ ਭੈਣੀ, ਸਿੱਖ ਸੰਗਠਨ ਦੇ ਭੀਮ ਸਿੰਘ ਫੌਜੀ, ਪ੍ਰਗਤੀਸ਼ੀਲ ਇਸਤਰੀ ਸਭਾ ਵਲੋਂ ਜਸਬੀਰ ਕੌਰ ਨੱਤ, ਐਂਟੀ ਡਰੱਗ ਟਾਸਕ ਫੋਰਸ ਵਲੋਂ ਕੁਲਵਿੰਦਰ ਕਾਲੀ, ਸੁੱਖੀ ਮਾਨ ਤੇ ਅਰਸ਼ਦੀਪ, ਆਇਸਾ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ,ਅੰਬੇਦਕਰ ਰੇਹੜੀ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਜੁੜੇ ਸੈਕੜੇ ਲੋਕਾਂ ਨੇ ਬੀਜੇਪੀ ਤੇ ਉਸ ਦੇ ਭਾਈਵਾਲਾਂ ਨੂੰ ਹਰਾਉਣ ਅਤੇ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਡੱਟ ਕੇ ਪ੍ਰਚਾਰ ਕਰਨ ਤੇ ਵੋਟਾਂ ਪਾਉਣ ਦਾ ਐਲਾਨ ਵੀ ਕੀਤਾ। ਚੇਤੇ ਰਹੇ ਕੱਲ ਇਥੇ ਆਇਸਾ ਤੇ ਇਨਕਲਾਬੀ ਨੌਜਵਾਨ ਸਭਾ ਵਲੋਂ ਇਸੇ ਮੁੱਦੇ ‘ਤੇ ਸਹਾਇਕ ਚੋਣ ਅਫਸਰ ਲੋਕ ਸਭਾ ਹਲਕਾ ਬਠਿੰਡਾ ਰਾਹੀਂ ਚੋਣ ਕਮਿਸ਼ਨ ਨੂੰ ਮੰਗ ਪੱਤਰ ਵੀ ਭੇਜਿਆ ਗਿਆ ਸੀ।