ਚੰਡੀਗੜ੍ਹ, 25 ਅਪ੍ਰੈਲ,ਬੋਲੇ ਪੰਜਾਬ ਬਿਓਰੋ:
‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਚੋਣ ਕਮਿਸ਼ਨ ਦੇ ਨਿਸ਼ਾਨੇ ’ਤੇ ਆਉਣ ਕਾਰਨ ਨਵੀਂ ਮੁਸੀਬਤ ‘ਚ ਫਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ਇੱਕ ਰੈਲੀ ਵਿਚ ਆਪਣੇ ਰਾਜਸੀ ਵਿਰੋਧੀ ਖ਼ਿਲਾਫ਼ ਟਿੱਪਣੀਆਂ ਅਤੇ ਖ਼ਾਸ ਕਰਕੇ ਇੱਕ ਭਾਈਚਾਰੇ ਖ਼ਿਲਾਫ਼ ਗੱਲਾਂ ਕੀਤੀਆਂ ਸਨ।ਇਸ ਬਾਰੇ ਭੁੱਲਰ ਨੇ ਰਾਮਗੜ੍ਹੀਆ ਭਾਈਚਾਰੇ ਤੋਂ ਜਨਤਕ ਮੁਆਫ਼ੀ ਵੀ ਮੰਗ ਲਈ ਹੈ ਪਰ ਇਹ ਮਾਮਲਾ ਹਾਲੇ ਠੰਢਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਇਸ ਸੰਬੰਧੀ ਤਰਨ ਤਾਰਨ ਦੇ ਜ਼ਿਲ੍ਹਾ ਚੋਣ ਅਫ਼ਸਰ ਤੋਂ ਰਿਪੋਰਟ ਮੰਗੀ ਸੀ।ਜ਼ਿਲ੍ਹਾ ਚੋਣ ਅਫ਼ਸਰ ਦੀ ਰਿਪੋਰਟ ਵਿਚ ‘ਆਪ’ ਉਮੀਦਵਾਰ ਵੱਲੋਂ ਇੱਕ ਖ਼ਾਸ ਭਾਈਚਾਰੇ ਖ਼ਿਲਾਫ਼ ਕੀਤੀ ਟਿੱਪਣੀ ਦੀ ਪੁਸ਼ਟੀ ਹੋ ਗਈ ਹੈ। ਮੁੱਖ ਚੋਣ ਅਧਿਕਾਰੀ ਨੇ ਇਹ ਰਿਪੋਰਟ ਚੋਣ ਕਮਿਸ਼ਨ ਕੋਲ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਹੈ ਅਤੇ ਉਸ ਵੱਲੋਂ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਆਉਂਣ ਵਾਲੇ ਦਿਨਾਂ ਵਿਚ ਚੋਣ ਕਮਿਸ਼ਨ ਇਸ ਬਾਰੇ ਕੋਈ ਹੁਕਮ ਜਾਰੀ ਕਰ ਸਕਦਾ ਹੈ। ਦੂਜੇ ਪਾਸੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਪੰਜਾਬ ਵਿਚ ਲਾਲਜੀਤ ਭੁੱਲਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ ਹਨ। ਰਾਮਗੜ੍ਹੀਆ ਭਾਈਚਾਰੇ ਨੇ ਭੁੱਲਰ ਦੀ ਉਮੀਦਵਾਰੀ ਵਾਪਸ ਲੈਣ ਲਈ ਕਿਹਾ ਹੈ।