ਸਮਰਾਲਾ, 26 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਸਮਰਾਲਾ ‘ਚ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਨੇੜੇ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਰੀਬ 5 ਏਕੜ ਕਣਕ ਦੀ ਫ਼ਸਲ ਅਤੇ 20 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਸਮਰਾਲਾ ਫਾਇਰ ਬ੍ਰਿਗੇਡ ਵੱਲੋਂ ਆਸ-ਪਾਸ ਦੇ ਤਿੰਨ ਪਿੰਡਾਂ ਦੇ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ, ਜਿਸ ਕਾਰਨ ਆਸ-ਪਾਸ ਸੈਂਕੜੇ ਏਕੜ ਵਿੱਚ ਖੜ੍ਹੀ ਕਣਕ ਦੀ ਫ਼ਸਲ ਦਾ ਬਚਾਅ ਹੋ ਗਿਆ।ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਢਾਈ ਏਕੜ ਖੇਤ ਵਿੱਚ ਕਣਕ ਦੀ ਫ਼ਸਲ ਸੜ ਗਈ। ਕਰੀਬ 8 ਏਕੜ ਨਾੜ ਸੜ ਗਿਆ। ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ 20 ਏਕੜ ਦੇ ਕਰੀਬ ਦਾਲਾਂ ਅਤੇ 3 ਏਕੜ ਵਿੱਚ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ।
ਜਿੱਥੇ ਖੇਤਾਂ ਵਿੱਚ ਅੱਗ ਲੱਗੀ ਸੀ, ਉਸ ਤੋਂ ਥੋੜ੍ਹੀ ਦੂਰੀ ’ਤੇ ਇੱਕ ਕਾਨਵੈਂਟ ਸਕੂਲ ਹੈ। ਅੱਗ ਦੀਆਂ ਲਪਟਾਂ ਸਕੂਲ ਤੱਕ ਪਹੁੰਚ ਚੁੱਕੀਆਂ ਸਨ। ਧੂੰਆਂ ਸਕੂਲ ਦੇ ਅੰਦਰ ਵੜ ਗਿਆ ਸੀ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਬੰਧਕਾਂ ਨੇ ਸਕੂਲ ਬੰਦ ਕਰ ਦਿੱਤਾ ਅਤੇ ਬੱਚਿਆਂ ਨੂੰ ਬੱਸਾਂ ਰਾਹੀਂ ਘਰ ਭੇਜ ਦਿੱਤਾ।