ਨਵੀਂ ਦਿੱਲੀ, 26 ਅਪ੍ਰੈਲ, ਬੋਲੇ ਪੰਜਾਬ ਬਿਓਰੋ :
ਸੋਸ਼ਲ ਮੀਡੀਆ ਪਲੇਟਫਾਰਮ WhatsApp ਨੇ ਦਿੱਲੀ ਹਾਈਕੋਰਟ ‘ਚ ਐਨਕ੍ਰਿਪਸ਼ਨ ਹਟਾਉਣ ਤੋਂ ਮਨ੍ਹਾਂ ਕਰ ਦਿੱਤਾ। WhatsApp ਨੇ ਅਦਾਲਤ ਵਿੱਚ ਕਿਹਾ ਕਿ ਜੇਕਰ ਐਨਕ੍ਰਿਪਸ਼ਨ ਹਟਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਤਾਂ, ਕੰਪਨੀ ਭਾਰਤ ਛੱਡ ਦੇਵੇਗੀ।
WhatsApp ਦਾ ਕਹਿਣਾ ਹੈ ਕਿ ਐਂਡ ਟੂ ਐਂਡ ਐਨਕ੍ਰਿਪਸ਼ਨ ਰਾਹੀਂ ਉਪਭੋਗਤਾ ਦੀ ਨਿੱਜਤਾ ਦੀ ਰੱਖਿਆ ਕੀਤੀ ਜਾਂਦੀ ਹੈ। ਇਸ ਰਾਹੀਂ ਇਹ ਯਕੀਨੀ ਕੀਤਾ ਜਾਂਦਾ ਹੈ ਕਿ ਸੰਦੇਸ਼ ਭੇਜਣ ਵਾਲਾ ਅਤੇ ਉਸ ਨੂੰ ਪ੍ਰਾਪਤ ਕਰਨ ਵਾਲਾ ਹੀ ਅੰਦਰ ਦੀ ਸਮੱਗਰੀ ਜਾਣ ਸਕਦਾ ਹੈ। ਕੰਪਨੀ ਲਈ ਅਦਾਲਤ ਵਿੱਚ ਪੇਸ਼ ਹੋਏ ਤੇਜਸ ਕਾਰੀਆ ਨੇ ਡਿਵਿਜਨ ਬੈਂਚ ਨੂੰ ਕਿਹਾ, ‘ਇਕ ਪਲੇਟਫਾਰਮ ਦੇ ਤੌਰ ਉਤੇ ਅਸੀਂ ਕਹਿ ਰਹੇ ਹਾਂ ਕਿ ਜੇਕਰ ਸਾਨੂੰ ਐਨਕ੍ਰਿਪਸ਼ਨ ਤੋੜਨ ਲਈ ਕਿਹਾ ਗਿਆ, ਤਾਂ WhatsApp ਭਾਰਤ ਛੱਡ ਕੇ ਚਲਾ ਜਾਵੇਗਾ। ਕੰਪਨੀ ਆਈਟੀ ਰੂਲ 2021 ਨੂੰ ਚੁਣੌਤੀ ਦੇ ਰਹੀ ਹੈ, ਜਿਸ ਨਾਲ ਮੈਸੇਜ ਟ੍ਰੇਸ ਕਰਨ ਅਤੇ ਸੰਦੇਸ਼ ਭੇਜਣ ਵਾਲਿਆਂ ਦੀ ਪਹਿਚਾਣ ਕਰਨ ਦੀ ਗੱਲ ਕਹੀ ਗਈ ਹੈ। ਕੰਪਨੀ ਦਾ ਤਰਕ ਹੈ ਕਿ ਇਸ ਕਾਨੂੰਨ ਨਾਲ ਐਨਕ੍ਰਿਪਸ਼ਨ ਕਮਜੋਰ ਹੋਵੇਗਾ ਅਤੇ ਭਾਰਤੀ ਸੰਵਿਧਾਨ ਦੇ ਤਹਿਤ ਉਪਭੋਗਤਾ ਦੀ ਨਿੱਜਤਾ ਦੀ ਸੁਰੱਖਿਆ ਦੀ ਉਲੰਘਣਾ ਹੋਵੇਗੀ।