ਹੁਸ਼ਿਆਰਪੁਰ, 25 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਸੇਫ਼ ਸਕੂਲ ਵਹੀਕਲ ਸਕੀਮ ਤਹਿਤ ਜ਼ਿਲ੍ਹੇ ਵਿੱਚ ਬਣਾਈ ਗਈ ਕਮੇਟੀ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਦੀ ਅਗਵਾਈ ਵਿੱਚ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ ਜ਼ਿਲ੍ਹੇ ਵਿੱਚ 55 ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਸਹਾਇਕ ਟਰਾਂਸਪੋਰਟ ਅਫ਼ਸਰ ਹੁਸ਼ਿਆਰਪੁਰ ਸੰਦੀਪ ਭਾਰਤੀ ਨੇ ਦੱਸਿਆ ਕਿ ਇਸ ਸਖ਼ਤ ਚੈਕਿੰਗ ਦੌਰਾਨ ਸੇਫ਼ ਸਕੂਲ ਵਾਹਨ ਸਕੀਮ ਤਹਿਤ ਹਦਾਇਤਾਂ ਦੀ ਉਲੰਘਣਾ ਕਰਨ ਵਾਲੀਆਂ 13 ਬੱਸਾਂ ਦੇ ਚਲਾਨ ਕੱਟੇ ਗਏ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਬੱਸਾਂ ਬਿਨਾਂ ਦਸਤਾਵੇਜ਼ਾਂ ਅਤੇ ਫਿਟਨੈਸ ਸਰਟੀਫਿਕੇਟਾਂ ਤੋਂ ਵੱਖ-ਵੱਖ ਥਾਣਿਆਂ ਵਿੱਚ ਬੰਦ ਕੀਤੀਆਂ ਗਈਆਂ ਹਨ। ਟਰਾਂਸਪੋਰਟ ਵਿਭਾਗ ਤੋਂ ਇਲਾਵਾ ਜ਼ਿਲ੍ਹਾ ਟਰੈਫ਼ਿਕ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਕੂਲੀ ਬੱਸਾਂ ਦੇ ਵੱਖ-ਵੱਖ ਚਲਾਨ ਕੀਤੇ ਗਏ।
ਇਸ ਮੌਕੇ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ ਜ਼ਿਲ੍ਹੇ ਅੰਦਰ ਪੈਂਦੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਸਕੂਲਾਂ ਨਾਲ ਸਬੰਧਤ ਸਕੂਲੀ ਬੱਸਾਂ ਦੇ ਮਾਲਕਾਂ ਨੂੰ ਆਪਣੀਆਂ ਸਕੂਲੀ ਬੱਸਾਂ ਦੇ ਜ਼ਰੂਰੀ ਕਾਗ਼ਜ਼ਾਤ ਸੰਭਾਲ ਕੇ ਰੱਖਣ ਲਈ ਸਖ਼ਤ ਹਦਾਇਤਾਂ ਦੇਣ।