ਫਿਰੋਜ਼ਪੁਰ, 25 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਬੀਤੀ ਰਾਤ ਕਰੀਬ 12:40 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਫ਼ਿਰੋਜ਼ਪੁਰ ਸ਼ਹਿਰ ਦੇ ਜੋਸ਼ੀ ਪੈਲੇਸ ਦੇ ਬਿਲਕੁਲ ਸਾਹਮਣੇ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਅਤੇ ਮੁਲਜ਼ਮ ਫ਼ਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਤੁਰੰਤ ਫ਼ਿਰੋਜ਼ਪੁਰ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ ਅਤੇ ਥੋੜ੍ਹੇ ਸਮੇਂ ਬਾਅਦ ਪੁਲਿਸ ਦੀ ਗਸ਼ਤ ਪਾਰਟੀ ਉਥੇ ਪਹੁੰਚ ਗਈ ਅਤੇ ਇਸ ਘਟਨਾ ਸਬੰਧੀ ਪੁਲਿਸ ਥਾਣਾ ਸਿਟੀ ਫ਼ਿਰੋਜ਼ਪੁਰ ਵੱਲੋਂ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਕੁਝ ਸਮੇਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਬਸਤੀ ਸ਼ਹਿਰ ਦੀ ਬਸਤੀ ਆਵਾ ਵਿੱਚ ਖੜ੍ਹੀ ਡਿਜ਼ਾਇਰ ਕਾਰ ’ਤੇ ਵੀ ਫਾਇਰਿੰਗ ਕਰ ਦਿੱਤੀ।
ਇਸ ਮੌਕੇ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ, ਉਸ ਦੀ ਪਤਨੀ ਰੰਜਨਾ ਢਿੱਲੋਂ ਅਤੇ ਗੁਆਂਢੀਆਂ ਨੇ ਦੱਸਿਆ ਕਿ ਰਾਤ ਕਰੀਬ 12:40 ਵਜੇ ਉਨ੍ਹਾਂ ਨੂੰ ਪਹਿਲਾਂ ਤਿੰਨ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਫਿਰ ਇੱਕੋ ਵਾਰੀ ਕਈ ਗੋਲੀਆਂ ਚੱਲੀਆਂ। ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਗੋਲੀਬਾਰੀ ਹੋਈ ਹੈ, ਉਸ ਤੋਂ ਇੰਝ ਜਾਪਦਾ ਹੈ ਕਿ ਗੋਲੀਬਾਰੀ ਕਰਨ ਵਾਲਿਆਂ ਕੋਲ ਆਟੋਮੈਟਿਕ ਹਥਿਆਰ ਸਨ। ਉਸ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਸਬੰਧੀ ਤੁਰੰਤ ਪੁਲੀਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਕੁਝ ਸਮੇਂ ਬਾਅਦ ਗਸ਼ਤ ਕਰ ਰਹੀ ਪੁਲੀਸ ਪਾਰਟੀ ਉਨ੍ਹਾਂ ਕੋਲ ਪੁੱਜੀ ਅਤੇ ਸਵੇਰੇ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਐਸਐਚਓ ਅਤੇ ਫਿਰ ਡੀਐਸਪੀ ਸਿਟੀ ਫ਼ਿਰੋਜ਼ਪੁਰ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ।