ਮੋਹਾਲੀ 25 ਅਪ੍ਰੈਲ ,ਬੋਲੇ ਪੰਜਾਬ ਬਿਓਰੋ:ਖਾਲਸਾ ਕਾਲਜ (ਅੰਮ੍ਰਿਤਸਰ) ਵੱਲੋਂ ਖਾਲਸਾ ਕਾਲਜ (ਅੰਮ੍ਰਿਤਸਰ) ਟੈਕਨਾਲੋਜੀ ਐਂਡ ਬਿਜ਼ਨਸ ਸਟੱਡੀਜ਼, ਫੇਜ਼ 3ਏ ਵਿਖੇ ਕਾਲਜ ਪ੍ਰਿੰਸੀਪਲ ਡਾ: ਹਰੀਸ਼ ਕੁਮਾਰੀ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ-2024 ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵਿੱਦਿਆ, ਖੇਡਾਂ, ਐਨ.ਐਸ.ਐਸ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਾਲਾਨਾ ਇਨਾਮ ਵੰਡ ਸਮਾਗਮ ਵਿੱਚ 250 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ: ਧਰਮਪਾਲ ਗਰਗ ਵਧੀਕ ਕੰਟਰੋਲਰ ਪ੍ਰੀਖਿਆਵਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਅਤੇ ਤਜਿੰਦਰ ਸਿੰਘ ਸੀਨੀਅਰ ਸਹਾਇਕ, ਸੰਚਾਲਨ ਸ਼ਾਖਾ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਦੌਰਾਨ ਉਨ੍ਹਾਂ ਨਾਲ ਕਾਲਜ ਪ੍ਰਿੰਸੀਪਲ ਡਾ: ਹਰੀਸ਼ ਕੁਮਾਰੀ ਅਤੇ ਕਾਲਜ ਦੇ ਲੈਕਚਰਾਰ ਵੀ ਹਾਜ਼ਰ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ, ਉਪਰੰਤ ਕਾਲਜ ਦੀ ਪ੍ਰਿੰਸੀਪਲ ਡਾ: ਹਰੀਸ਼ ਕੁਮਾਰੀ ਨੇ ਵਿਦਿਆਰਥੀਆਂ ਦੀਆਂ ਅੰਤਰ-ਯੂਨੀਵਰਸਿਟੀ ਸਟੇਟ ਅਤੇ ਨੈਸ਼ਨਲ ਪੱਧਰ ‘ਤੇ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦੀ ਸਾਲਾਨਾ ਰਿਪੋਰਟ ਪੜ੍ਹੀ | ਡਾ: ਹਰੀਸ਼ ਕੁਮਾਰੀ ਨੇ ਕਿਹਾ ਕਿ ਹੋਰ ਗਤੀਵਿਧੀਆਂ ਵਿਦਿਆਰਥੀਆਂ ਦੇ ਕੈਰੀਅਰ ਨੂੰ ਆਕਾਰ ਦੇਣ ਵਿੱਚ ਸਹਾਈ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਟੀਮ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ਦੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।