ਮਾਨਸਾ 24 ਅਪ੍ਰੈਲ,ਬੋਲੇ ਪੰਜਾਬ ਬਿਓਰੋ- ਸ੍ਰੀ ਨਰਿੰਦਰ ਮੋਦੀ ਜੀ (ਕਾਰਜ ਵਾਹਕ ਪ੍ਰਧਾਨ ਮੰਤਰੀ) ਅਤੇ ਬੀਜੇਪੀ ਦੇ ਯੋਗੀ ਅਦਿੱਤਿਆਨਾਥ,ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਗਿਰੀਰਾਜ ਕਿਸ਼ੋਰ ਵਰਗੇ ਸਟਾਰ ਪ੍ਰਚਾਰਕਾਂ ਖਿਲਾਫ ਚੋਣ ਜਾਬਤੇ ਦੀ ਖੁੱਲੇ ਆਮ ਉਲੰਘਣਾ ਕਰਨ ਬਦਲੇ ਕਾਰਵਾਈ ਕੀਤੀ ਜਾਵੇ ।
ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਅਤੇ ਇਨਕਲਾਬੀ ਨੌਜਵਾਨ ਸਭਾ ਪੰਜਾਬ ਵੱਲੋਂ ਕਾਰਜ ਵਾਹਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ,ਬੀਜੇਪੀ ਦੇ ਯੋਗੀ ਅਦਿੱਤਿਆਨਾਥ,ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਗਿਰੀਰਾਜ ਵਰਗੇ ਸਟਾਰ ਪ੍ਰਚਾਰਕਾਂ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਫਿਰਕੂ ਅਤੇ ਧਾਰਮਿਕ ਦੰਗੇ ਭੜਕਾਊ ਭਾਸ਼ਣ ਦੇਣ ਦੇ ਖਿਲਾਫ ਕਾਰਵਾਈ ਕਰਨ ਲਈ ਮੁੱਖ ਚੋਣ ਕਮਿਸ਼ਨ ਆੱਫ ਇੰਡੀਆ ਦੇ ਨਾਮ ਤੇ ਡਿਪਟੀ ਕਮਿਸ਼ਨਰ ਮਾਨਸਾ,ਸਹਾਇਕ ਰਿਟਰਨਿੰਗ ਅਫਸਰ ਲੋਕ ਸਭਾ ਹਲਕਾ ਬਠਿੰਡਾ ਰਾਹੀਂ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਦੇ ਸੂਬਾ ਆਗੂ ਸੁਖਜੀਤ ਰਾਮਾਨੰਦੀ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਗਗਨਦੀਪ ਸਿਰਸੀਵਾਲਾ ਨੇਂ ਕਿਹਾ ਕਿ 17ਵੀਂ ਲੋਕ ਸਭਾ ਚੋਣਾਂ ਦੀ ਸਮਾਂ ਸਾਰਣੀ ਦਾ ਐਲਾਨ ਕਰਦਿਆਂ ਮੁੱਖ ਚੋਣ ਕਮਿਸ਼ਨ ਜੀ ਨੇ ਆਦਰਸ਼ ਚੋਣ ਜਾਬਤੇ ਦੀ ਪਾਲਣਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਕੋਈ ਵੀ ਪ੍ਰਚਾਰਕ ਜਾਂ ਉਮੀਦਵਾਰ ਧਰਮ ਜਾਂ ਜਾਤ ਦੇ ਨਾਮ ਤੇ ਵੋਟ ਨਹੀਂ ਮੰਗੇਗਾ,ਅਫਵਾਹ ਜਾਂ ਝੂਠਾ ਪ੍ਰਚਾਰ ਨਹੀਂ ਕਰੇਗਾ ਅਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਚੋਣ ਕਮਿਸ਼ਨ ਤੁਰੰਤ ਉਸਦੇ ਖਿਲਾਫ ਸਖਤ ਕਾਰਵਾਈ ਕਰੇਗਾ।
ਪਰ ਪਹਿਲੇ ਪੜਾਅ ਦੀ ਪੋਲਿੰਗ ਹੋਣ ਦੇ ਅਗਲੇ ਦਿਨ ਤੋਂ ਹੀ ਕਾਰਜ ਵਾਹਕ ਪ੍ਰਧਾਨ ਮੰਤਰੀ ਮੋਦੀ ਜੀ, ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਜੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਅਤੇ ਗਿਰੀਰਾਜ ਕਿਸ਼ੋਰ ਸਮੇਤ ਬੀਜੇਪੀ ਦੇ ਹੋਰ ਪ੍ਰਚਾਰਕ ਅਤੇ ਉਮੀਦਵਾਰ ਆਪਣੀਆਂ ਚੋਣ ਰੈਲੀਆਂ ਵਿੱਚ ਵਾਰ-2 ਜਿੱਥੇ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਬਾਰੇ ਸਿਰੇ ਦੇ ਝੂਠ ਅਤੇ ਅਧਾਰਹੀਣ ਤੱਥ ਪ੍ਰਚਾਰ ਰਹੇ ਹਨ, ਉਥੇ ਦੇਸ਼ ਦੀ ਸਭ ਤੋਂ ਵੱਡੀ ਧਾਰਮਿਕ ਘੱਟ ਗਿਣਤੀ ਮੁਸਲਿਮ ਭਾਈਚਾਰੇ ਬਾਰੇ ਵੀ ਖੁੱਲੇਆਮ ਨਫਰਤ ਫੈਲਾ ਰਹੇ ਹਨ। ਇਹ ਸਭ ਜਿੱਥੇ ਚੋਣ ਜਾਬਤੇ ਦੀ ਮਿੱਥ ਕੇ ਉਲੰਘਣਾ ਕਰਨ ਦੀ ਕੋਸ਼ਿਸ਼ ਹੈ,ਉੱਥੇ ਇਹਨਾਂ ਚੋਣਾਂ ਦਰਮਿਆਨ ਫਿਰਕੂ ਅਤੇ ਜਾਤੀਗਤ ਦੰਗੇ ਭੜਕਾਉਣ ਦੀ ਵੀ ਸ਼ਪੱਸ਼ਟ ਸਾਜ਼ਿਸ਼ ਅਤੇ ਕੋਸ਼ਿਸ਼ ਹੈ। ਪਰ ਸਾਨੂੰ ਬੜਾ ਦੁੱਖ ਤੇ ਹੈਰਾਨੀ ਹੈ ਕਿ ਸਭ ਕੁਝ ਵੇਖਦੇ ਹੋਏ ਚੋਂਣ ਕਮਿਸ਼ਨ ਨੇ ਮੁਕੰਮਲ ਚੁੱਪੀ ਧਾਰ ਰੱਖੀ ਹੈ। ਇਸ ਲਈ ਅਸੀਂ ਦੇਸ਼ ਦੇ ਵੋਟਰ ਅਤੇ ਵੱਖ-2 ਸੰਗਠਨਾਂ ਦੇ ਆਗੂ ਇਸ ਪੱਤਰ ਰਾਹੀਂ ਆਪ ਜੀ ਤੋਂ ਮੰਗ ਕਰਦੇ ਹਾਂ ਕਿ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲੇ ਬੀਜੇਪੀ ਲੀਡਰਾਂ ਸਮੇਤ ਚੋਣ ਜਾਬਤੇ ਦੀਆਂ ਧੱਜੀਆਂ ਉਡਾ ਰਹੇ ਸਾਰੇ ਪ੍ਰਚਾਰਕਾਂ ਖਿਲਾਫ ਤੁਰੰਤ ਕਾਰਵਾਈ ਕਰਕੇ ਉਹਨਾਂ ਦੇ ਪ੍ਰਚਾਰ ਕਰਨ ਉੱਤੇ ਪੱਕੇ ਤੌਰ ਤੇ ਪਾਬੰਦੀ ਲਗਾਈ ਜਾਵੇ ਅਤੇ ਇਹਨਾਂ ਵਿੱਚੋਂ ਜੋ ਖੁਦ ਚੋਣਾਂ ਵਿੱਚ ਉਮੀਦਵਾਰ ਹਨ ਉਹਨਾਂ ਦੀ ਨਾਮਜਦਗੀ ਰੱਦ ਕੀਤੀ ਜਾਵੇ। ਅਜਿਹੀ ਸਖਤ ਕਾਰਵਾਈ ਨਾ ਕੀਤੀ ਜਾਣ ਦੀ ਸੂਰਤ ਵਿੱਚ ਦੇਸ਼ ਦੇ ਜਾਗਰਤ ਵਿਦਿਆਰਥੀ ਨੌਜਵਾਨ ਅਤੇ ਸਮੂਹ ਨਿਆਂ ਪਸੰਦ ਵੋਟਰ ਚੋਣ ਕਮਿਸ਼ਨ ਆਫ ਇੰਡੀਆ ਖਿਲਾਫ ਸੜਕਾਂ ਉੱਤੇ ਉਤਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਆਇਸਾ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ,ਜ਼ਿਲਾ ਸਕੱਤਰ ਰਾਜਦੀਪ ਸਿੰਘ ਗੇਹਲੇ,ਜ਼ਿਲਾ ਸਹਾਇਕ ਸਕੱਤਰ ਜਸਪ੍ਰੀਤ ਕੌਰ ਮੌੜ,ਜ਼ਿਲਾ ਖਜਾਨਚੀ ਗਗਨਦੀਪ ਕੌਰ ਮਾਨਸਾ, ਜ਼ਿਲਾ ਪ੍ਰੈੱਸ ਰਵਲੀਨ ਕੌਰ ਡੇਲੂਆਣਾ,ਜ਼ਿਲਾ ਕਮੇਟੀ ਮੈਂਬਰ ਅਰਸ਼ਦੀਪ ਸਿੰਘ ਖੋਖਰ ਕਲਾਂ,ਜ਼ਿਲਾ ਕਮੇਟੀ ਮੈਂਬਰ ਅਮਨਦੀਪ ਕੌਰ ਲਖਮੀਰਵਾਲਾ ਅਤੇ ਇਨਕਲਾਬੀ ਨੌਜਵਾਨ ਸਭਾ ਵੱਲੋਂ ਕੁਲਵਿੰਦਰ ਸਿੰਘ ਹਾਜ਼ਰ ਸਨ।